December 4, 2024
#ਭਾਰਤ

ਪੈਟਰੋਲ-ਡੀਜ਼ਲ ਦੇ ਵਾਹਨਾਂ ਤੇ ਪਾਬੰਦੀ ਦਾ ਕੋਈ ਵਿਚਾਰ ਨਹੀਂ : ਨਿਤਿਨ ਗਡਕਰੀ

ਨਵੀਂ ਦਿੱਲੀ – ਕੇਂਦਰੀ ਸੜਕ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਸਰਕਾਰ ਪੈਟਰੋਲ-ਡੀਜ਼ਲ ਦੇ ਵਾਹਨਾਂ ਤੇ ਪਾਬੰਦੀ ਨਹੀਂ ਲਾਵੇਗੀ| ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਪੈਟਰੋਲ-ਡੀਜ਼ਲ ਦੇ ਵਾਹਨਾਂ ਨੂੰ ਬੰਦ ਕਰਨ ਦਾ ਕੋਈ ਇਰਾਦਾ ਨਹੀਂ ਹੈ| ਇਸ ਤੇ ਚਰਚਾ ਹੋਈ ਅਤੇ ਮੰਤਰਾਲੇ ਨੂੰ ਸੁਝਾਅ ਮਿਲਿਆ ਕਿ ਪੈਟਰੋਲ-ਡੀਜ਼ਲ ਵਾਹਨਾਂ ਤੇ ਪਾਬੰਦੀ ਲਾਈ ਜਾਣੀ ਚਾਹੀਦੀ ਹੈ| ਮੈਂ ਸਪੱਸ਼ਟ ਕਰਨਾ ਚਾਹਾਂਗਾ ਕਿ ਸਰਕਾਰ ਦਾ ਪੈਟਰੋਲ-ਡੀਜ਼ਲ ਵਾਹਨਾਂ ਤੇ ਪਾਬੰਦੀ ਲਾਉਣ ਦਾ ਕੋਈ ਇਰਾਦਾ ਨਹੀਂ ਹੈ| ਅਸੀਂ ਅਜਿਹਾ ਕੁਝ ਨਹੀਂ ਕਰਨ ਜਾ ਰਹੇ| ਇਸ ਤੋਂ ਇਲਾਵਾ ਗਡਕਰੀ ਨੇ ਨਵੇਂ ਟ੍ਰੈਫਿਕ ਨਿਯਮਾਂ ਦੇ ਉਲੰਘਣ ਕਰਨ ਵਾਲਿਆਂ ਤੇ ਭਾਰੀ ਜੁਰਮਾਨਾ ਲਾਉਣ ਤੇ ਕਿਹਾ ਕਿ ਸਰਕਾਰ ਜੁਰਮਾਨੇ ਦੀ ਰਾਸ਼ੀ ਵਧਾਉਣ ਦੀ ਇੱਛਾ ਨਹੀਂ ਰੱਖਦੀ| ਅਹਿਮ ਗੱਲ ਇਹ ਹੈ ਕਿ ਅਜਿਹਾ ਸਮਾਂ ਆਉਣਾ ਚਾਹੀਦਾ ਹੈ ਕਿ ਕਿਸੇ ਨੂੰ ਜੁਰਮਾਨਾ ਨਾ ਭਰਨਾ ਪਵੇ ਅਤੇ ਸਾਰੇ ਨਿਯਮਾਂ ਦਾ ਪਾਲਣ ਕਰਨ| ਦਰਅਸਲ ਗਡਕਰੀ ਅੱਜ ਦਿੱਲੀ ਵਿੱਚ ਵਾਹਨ ਨਿਰਮਾਤਾ ਕੰਪਨੀਆਂ ਵਲੋਂ ਆਯੋਜਿਤ ਬੈਠਕ ਵਿੱਚ ਬੋਲ ਰਹੇ ਸਨ| ਜਿਕਰਯੋਗ ਹੈ ਕਿ 1 ਸਤੰਬਰ ਤੋਂ ਲਾਗੂ ਹੋਏ ਨਵੇਂ ਮੋਟਰ ਵ੍ਹੀਕਲ ਐਕਟ ਵਿਚ ਟ੍ਰੈਫਿਕ ਨਿਯਮਾਂ ਦੇ ਉਲੰਘਣ ਤੇ ਜੁਰਮਾਨੇ ਦੀ ਰਾਸ਼ੀ 10 ਗੁਣਾ ਤਕ ਵਧਾ ਦਿੱਤੀ ਗਈ ਹੈ| ਕਈ ਲੋਕਾਂ ਦੇ ਚਾਲਾਨ ਕੱਟੇ ਵੀ ਗਏ ਹਨ| ਨਿਤਿਨ ਗਡਕਰੀ ਨੇ ਕਿਹਾ ਕਿ ਪੈਸੇ ਦੇ ਮੁਕਾਬਲੇ ਲੋਕਾਂ ਦੀਆਂ ਜਾਨਾਂ ਕੀਮਤੀ ਹਨ| ਅਸੀਂ ਕਿਸੇ ਵੀ ਕੀਮਤ ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਲੋਕਾਂ ਨੂੰ ਆਪਣੀ ਜਾਨ ਨਾਲ ਖਿਲਵਾੜ ਨਹੀਂ ਕਰਨ ਦੇਵਾਂਗੇ| ਜੇਕਰ ਟ੍ਰੈਫਿਕ ਨਿਯਮਾਂ ਦਾ ਪਾਲਣ ਨਾ ਕਰਨ ਨਾਲ ਕੋਈ ਹਾਦਸਾ ਹੁੰਦਾ ਹੈ ਤਾਂ ਫਿਰ ਉਸ ਦੀ ਜ਼ਿੰਮੇਵਾਰੀ ਕੌਣ ਲਵੇਗਾ| ਗਡਕਰੀ ਨੇ ਕਿਹਾ ਕਿ ਕਾਨੂੰਨ ਦਾ ਡਰ ਤਾਂ ਹੋਣਾ ਚਾਹੀਦਾ ਹੈ|