ਭਾਰਤ ਆਤਮ-ਰੱਖਿਆ ਲਈ ਬਲ ਦੀ ਵਰਤੋਂ ਕਰਨ ਤੋਂ ਝਿਜਕੇਗਾ ਨਹੀਂ: ਰਾਜਨਾਥ
ਨਵੀਂ ਦਿੱਲੀ – ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਹੈ ਕਿ ਭਾਰਤ ਕਦੇ ਵੀ ਹਮਲਾਵਰ ਨਹੀਂ ਰਿਹਾ ਹੈ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਆਤਮ-ਰੱਖਿਆ ਲਈ ਆਪਣੀ ਤਾਕਤ ਦੀ ਵਰਤੋਂ ਕਰਨ ਤੋਂ ਝਿਜਕੇਗਾ। ਉਨ੍ਹਾਂ ਨੇ ਇਹ ਟਿੱਪਣੀ ਕਸ਼ਮੀਰ ਮੁੱਦੇ ’ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧੇ ਤਣਾਅ ਦੌਰਾਨ ਸਿਓਲ ਵਿੱਚ ਹੋਈ ਰੱਖਿਆ ਵਾਰਤਾ ਦੌਰਾਨ ਕੀਤੀ ਹੈ। ਸਿੰਘ ਨੇ ਦੱਖਣੀ ਕੋਰੀਆ ਦੇ ਉੱਚ ਫੌਜੀ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕਿਹਾ, ‘‘ਭਾਰਤ ਦਾ ਇਤਿਹਾਸ ਦੇਖੀਏ ਤਾਂ ਇਹ ਮੁਲਕ ਕਦੇ ਵੀ ਹਮਲਾਵਰ ਨਹੀਂ ਰਿਹਾ ਹੈ ਅਤੇ ਨਾ ਹੀ ਕਦੇ ਹੋਵੇਗਾ। ਪਰ ਇਸ ਦਾ ਇਹ ਅਰਥ ਨਹੀਂ ਹੈ ਕਿ ਭਾਰਤ ਆਪਣੇ ਬਚਾਅ ਲਈ ਆਪਣੀ ਤਾਕਤ ਦੀ ਵਰਤੋਂ ਕਰਨ ਤੋਂ ਝਿਜਕੇਗਾ।’’ ਰੱਖਿਆ ਮੰਤਰੀ ਤਿੰਨ ਰੋਜ਼ਾ ਦੌਰੇ ’ਤੇ ਬੁੱਧਵਾਰ ਨੂੰ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਪੁੱਜੇ ਸਨ। ਉਨ੍ਹਾਂ ਆਪਣੇ ਟਵਿੱਟਰ ਹੈਂਡਲ ’ਤੇ ਕਈ ਟਵੀਟ ਕੀਤੇ। ਉਨ੍ਹਾਂ ਕਿਹਾ, ‘‘ਰੱਖਿਆ ਕੂਟਨੀਤੀ ਭਾਰਤ ਦੀ ਰਣਨੀਤੀ ਦਾ ਅਹਿਮ ਥੰਮ੍ਹ ਹੈ। ਦਰਅਸਲ, ਰੱਖਿਆ ਕੂਟਨੀਤੀ ਅਤੇ ਮਜ਼ਬੂਤ ਰੱਖਿਆ ਬਲ ਰੱਖਣਾ ਇੱਕੋ ਹੀ ਸਿੱਕੇ ਦੋ ਪਹਿਲੂ ਹਨ।