ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਪੰਜ ਰੋਜਾ ਰਾਜ ਪੱਧਰੀ ਗੱਤਕਾ ਕੋਚਿੰਗ ਕੈਂਪ 14 ਸਤੰਬਰ ਤੋਂ
ਚੰਡੀਗੜ੍ਹ – ਖਿਡਾਰੀਆਂ ਅਤੇ ਰੈਫ਼ਰੀਆਂ ਨੂੰ ਗੱਤਕਾ ਖੇਡ ਦੇ ਨਿਯਮਾਂ ਅਤੇ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਵੱਲੋਂ 14 ਸਤੰਬਰ ਤੋਂ 18 ਸਤੰਬਰ ਤੱਕ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ, ਜਿਲਾ ਜਲੰਧਰ ਵਿਖੇ ਪੰਜ ਰੋਜਾ ਰਾਜ ਪੱਧਰੀ ਗੱਤਕਾ ਕੋਚਿੰਗ ਕੈਂਪ ਗੱਤਕਾ ਐਸੋਸੀਏਸ਼ਨ ਪੰਜਾਬ ਦੇ ਸਹਿਯੋਗ ਨਾਲ ਲਾਇਆ ਜਾ ਰਿਹਾ ਹੈ। ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਦੱਸਿਆ ਕਿ ਖਾਸ ਕਰਕੇ ਰੈਫ਼ਰੀਆਂ ਲਈ ਆਯੋਜਤ ਇਸ ਕੈਂਪ ਦੌਰਾਨ ਜੰਗਜੂ ਕਲਾ ਦੇ ਮਾਹਿਰ ਗੱਤਕਾ ਕੋਚਾਂ ਵੱਲੋਂ ਥਿਊਰੀ ਅਤੇ ਪ੍ਰੈਕਟੀਕਲ ਕਲਾਸਾਂ ਲਗਾਈਆਂ ਜਾਣਗੀਆਂ ਜਿਸ ਦੌਰਾਨ ਉਨਾਂ ਨੂੰ ਗੱਤਕਾ ਖੇਡ ਦੇ ਨਿਯਮਾਂ ਬਾਰੇ ਅਤੇ ਟੂਰਨਾਮੈਂਟ ਕਰਵਾਉਣ ਲਈ ਰੂਲਾਂ ਮੁਤਾਬਿਕ ਸਿਖਲਾਈ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਘੱਟੋ-ਘੱਟ ਦੋ ਸਾਲ ਤੋਂ ਗੱਤਕਾ ਖੇਡ ਰਹੇ ਅਤੇ 20 ਸਾਲ ਤੋਂ ਵੱਧ ਅਤੇ 40 ਤੱਕ ਦੀ ਉਮਰ ਦੇ ਖਿਡਾਰੀ ਇਸ ਸਰਟੀਫ਼ਿਕੇਸ਼ਨ ਕੈਂਪ ਵਿੱਚ ਹਿੱਸਾ ਲੈ ਸਕਦੇ ਹਨ।ਗੱਤਕਾ ਪ੍ਰੋਮੋਟਰ ਗਰੇਵਾਲ ਨੇ ਦੱਸਿਆ ਕਿ ਇਸ ਕੋਰਸ ਦੀ ਸਮਾਪਤੀ ਉਪਰੰਤ ਸਰਟੀਫ਼ਿਕੇਟ ਅਤੇ ਟੀ-ਸ਼ਰਟਾਂ ਦਿੱਤੀਆਂ ਜਾਣਗੀਆਂ। ਊਨਾਂ ਕਿਹਾ ਕਿ ਇਸ ਵਿਸ਼ੇਸ਼ ਕੋਰਸ ਦਾ ਮੁੱਖ ਉਦੇਸ਼ ਗੱਤਕਾ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਰਾਜ ਦੇ ਵੱਖ-ਵੱਖ ਜਿਲਿਆਂ ਵਿੱਚ ਗੱਤਕਾ ਸਿਖਲਾਈ ਕੈਂਪਾਂ ਦੀ ਲੜੀ ਸ਼ੁਰੂ ਕਰਨਾ ਹੈ ਤਾਂ ਜੋ ਉਹ ਮਾਰਸ਼ਲ ਆਰਟ ਗੱਤਕੇ ਨੂੰ ਖੇਡ ਵਜੋਂ ਅਪਣਾ ਕੇ ਆਪਣੀ ਸਵੈ-ਰੱਖਿਆ ਲਈ ਜਾਗਰੂਕ ਹੋ ਸਕਣ।