January 18, 2025
#ਦੇਸ਼ ਦੁਨੀਆਂ

ਟਰੰਪ ਨੇ ਅਫ਼ਗਾਨਿਸਤਾਨ ਬਾਰੇ ਤਾਲਿਬਾਨ ਨਾਲ ਗੁਪਤ ਵਾਰਤਾ ਰੱਦ ਕੀਤੀ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਤਾਲਿਬਾਨ ਅਤੇ ਅਫ਼ਗਾਨਿਸਤਾਨ ਦੇ ਆਗੂਆਂ ਨਾਲ ਐਤਵਾਰ ਨੂੰ ‘ਕੈਂਪ ਡੇਵਿਡ’ ’ਚ ਹੋਣ ਵਾਲੀ ਵਾਰਤਾ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਇਹ ਕਦਮ ਪਿਛਲੇ ਦਿਨੀਂ ਕਾਬੁਲ ’ਚ ਹੋੇ ਹਮਲੇ ਦੌਰਾਨ ਇਕ ਅਮਰੀਕੀ ਫ਼ੌਜੀ ਅਤੇ 11 ਹੋਰਨਾਂ ਦੇ ਮਾਰੇ ਜਾਣ ਮਗਰੋਂ ਉਠਾਇਆ। ਅਫ਼ਗਾਨਿਸਤਾਨ ’ਚ ਸ਼ਾਂਤੀ ਲਈ ਪਿਛਲੇ ਇਕ ਸਾਲ ਤੋਂ ਚੱਲ ਰਹੀਆਂ ਕੋਸ਼ਿਸ਼ਾਂ ਨੂੰ ਇਹ ਵੱਡਾ ਝਟਕਾ ਲੱਗਿਆ ਹੈ। ਟਰੰਪ ਨੇ ਸ਼ਨਿਚਰਵਾਰ ਨੂੰ ਕਈ ਟਵੀਟ ਕਰਕੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਤਾਲਿਬਾਨ ਦੇ ਸੀਨੀਅਰ ਆਗੂਆਂ ਨਾਲ ਐਤਵਾਰ ਨੂੰ ਮੁਲਾਕਾਤ ਕਰਨੀ ਸੀ ਪਰ ਤਾਲਿਬਾਨ ਵੱਲੋਂ ਵੀਰਵਾਰ ਨੂੰ ਕਾਬੁਲ ’ਚ ਕੀਤੇ ਗਏ ਫਿਦਾਈਨ ਕਾਰ ਬੰਬ ਧਮਾਕੇ ਦੀ ਜ਼ਿੰਮੇਵਾਰੀ ਕਬੂਲੇ ਜਾਣ ਮਗਰੋਂ ਉਨ੍ਹਾਂ ਇਹ ਬੈਠਕ ਰੱਦ ਕਰ ਦਿੱਤੀ ਹੈ। ਉਨ੍ਹਾਂ ਕਿਹਾ,‘‘ਬਦਕਿਸਮਤੀ ਨਾਲ ਤਾਲਿਬਾਨ ਨੇ ਕਾਬੁਲ ’ਚ ਕੀਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਜਿਸ ’ਚ ਸਾਡੇ ਬਿਹਤਰੀਨ ਫ਼ੌਜੀਆਂ ’ਚੋਂ ਇਕ ਦੀ ਜਾਨ ਚਲੀ ਗਈ ਸੀ ਅਤੇ 11 ਹੋਰ ਵਿਅਕਤੀ ਜ਼ਖ਼ਮੀ ਹੋ ਗਏ ਸਨ।’’ ਉਨ੍ਹਾਂ ਕਿਹਾ ਕਿ ਆਪਣਾ ਦਬਦਬਾ ਕਾਇਮ ਕਰਨ ਲਈ ਇੰਨੇ ਸਾਰੇ ਵਿਅਕਤੀਆਂ ਦੀ ਹੱਤਿਆ ਕਰਨ ਵਾਲੇ ਲੋਕ ਕਿਹੋ ਜਿਹੇ ਹੋਣਗੇ? ਉਨ੍ਹਾਂ ਕਿਹਾ ਕਿ ਜੇਕਰ ਤਾਲਿਬਾਨ ਸ਼ਾਂਤੀ ਵਾਰਤਾ ਦੌਰਾਨ ਗੋਲੀਬੰਦੀ ਲਈ ਸਹਿਮਤ ਨਹੀਂ ਹੋ ਸਕਦਾ ਤਾਂ ਉਨ੍ਹਾਂ ਕੋਲ ਸਮਝੌਤੇ ਦੀ ਵੀ ਪੂਰੀ ਤਾਕਤ ਨਹੀਂ ਹੈ।