ਭਾਰਤ ’ਚ ਨਾਜਾਇਜ਼ ਪਰਵਾਸੀਆਂ ਨੂੰ ਰਹਿਣ ਦੀ ਆਗਿਆ ਨਹੀਂ: ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਵਿਚ ਗੈਰਕਾਨੂੰਨੀ ਪਰਵਾਸੀਆਂ ਨੂੰ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸਾਮ ਵਿਚ ਕੌਮੀ ਨਾਗਰਿਕਤਾ ਪੰਜੀਕਰਨ (ਐਨਆਰਸੀ) ਤੈਅ ਸਮੇਂ ਵਿਚ ਪੂਰੀ ਕੀਤੀ ਗਈ ਹੈ। ਉਤਰੀ ਪੂਰਬੀ ਕੌਂਸਲ ਦੇ ਚੇਅਰਮੈਨ ਸ੍ਰੀ ਸ਼ਾਹ ਨੇ ਅੱਠ ਉਤਰੀ-ਪੂਰਬੀ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਈ ਲੋਕਾਂ ਨੇ ਐਨਆਰਸੀ ’ਤੇ ਕਈ ਤਰ੍ਹਾਂ ਦੇ ਸਵਾਲ ਕੀਤੇ ਪਰ ਉਹ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਭਾਰਤ ਸਰਕਾਰ ਗੈਰਕਾਨੂੰਨੀ ਰਹਿ ਰਹੇ ਕਿਸੇ ਵੀ ਪਰਵਾਸੀ ਨੂੰ ਭਾਰਤ ਵਿਚ ਰਹਿਣ ਦੀ ਇਜਾਜ਼ਤ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਆਰਟੀਕਲ 371 ਵਿਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਗਲਤ ਪ੍ਰਚਾਰਿਆ ਜਾ ਰਿਹਾ ਹੈ ਕਿ ਕੇਂਦਰ 370 ਵਾਂਗ ਪੂਰਬੀ ਰਾਜਾਂ ਨੂੰ ਵਿਸ਼ੇਸ਼ ਦਰਜਾ ਦਿੰਦੇ ਆਰਟੀਕਲ 371 ਨਾਲ ਛੇੜਛਾੜ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਧਾਰਾ 370 ਅਸਥਾਈ ਸੀ ਪਰ ਧਾਰਾ 371 ਸਥਾਈ ਹੈ। ਉਹ ਮੁੱਖ ਮੰਤਰੀਆਂ ਦੇ ਸਾਹਮਣੇ ਕਹਿ ਰਹੇ ਹਨ ਕਿ ਕੇਂਦਰ ਅਜਿਹਾ ਕੋਈ ਵੀ ਕਦਮ ਨਹੀਂ ਚੁੱਕੇਗਾ। ਮੀਟਿੰਗ ਵਿਚ ਸ਼ਾਹ ਤੋਂ ਇਲਾਵਾ ਐਨਈਸੀ ਦੇ ਵਾਈਸ ਚੇਅਰਮੈਨ ਜਿਤੇਂਦਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਐਨਆਰਸੀ ਦੇ ਕੋਆਰਡੀਨੇਟਰ ਦਫਤਰ ਨੇ ਕਿਹਾ ਸੀ ਕਿ 3.30 ਲੱਖ ਲੋਕਾਂ ਨੇ ਪੰਜੀਕਰਨ ਕਰਵਾਉਣ ਲਈ ਦਰਖਾਸਤ ਦਿੱਤੀ ਸੀ ਤੇ ਸੂਚੀ ਵਿਚ 3.11 ਲੱਖ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ