September 9, 2024
#ਪ੍ਰਮੁੱਖ ਖ਼ਬਰਾਂ #ਭਾਰਤ

ਪਲਾਸਟਿਕ ਨੂੰ ਅਲਵਿਦਾ ਕਹਿਣ ਦਾ ਵੇਲਾ ਆਇਆ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਹੁਣ ਸਮਾਂ ਹੈ ਜਦੋਂ ਕੁੱਲ ਆਲਮ ਨੂੰ ਇਕਹਿਰੀ ਵਰਤੋ ਵਾਲੀ ਪਲਾਸਟਿਕ ਨੂੰ ਅਲਵਿਦਾ ਆਖ ਦੇਣੀ ਚਾਹੀਦੀ ਹੈ। ਸ੍ਰੀ ਮੋਦੀ ਧਰਾਤਲ ਨੂੰ ਮਾਰੂਥਲ ਬਣਨ ਤੋਂ ਰੋਕਣ ਦਾ ਸੱਦਾ ਦਿੰਦੀ ਸੰਯੁਕਤ ਰਾਸ਼ਟਰ ਦੀ ਕਨਵੈਨਸ਼ਨ (ਯੂਐੱਨਸੀਸੀਡੀ) ਨੂੰ ਸੰਬੋਧਨ ਕਰ ਰਹੇ ਸਨ। ਇਸ 14ਵੀਂ ਕਨਵੈਨਸ਼ਨ ਵਿੱਚ ਲਗਪਗ ਦੋ ਸੌ ਮੁਲਕਾਂ ਦੇ ਉੱਚ ਪੱਧਰੀ ਵਫ਼ਦ ਨੇ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਆਉਂਦੇ ਸਾਲਾਂ ਵਿੱਚ ਪਲਾਸਟਿਕ ਦੀ ਵਰਤੋ ਤੋਂ ਪੂਰੀ ਤਰ੍ਹਾਂ ਹੱਥ ਪਿਛਾਂਹ ਖਿੱਚਣੇ ਹੋਣਗੇ।ਪ੍ਰਧਾਨ ਮੰਤਰੀ ਨੇ ਕਿਹਾ, ‘ਮੇਰੀ ਸਰਕਾਰ ਆਉਂਦੇ ਸਾਲਾਂ ਵਿੱਚ ਇਕਹਿਰੀ ਵਰਤੋ ਵਾਲੀ ਪਲਾਸਟਿਕ ਦਾ ਭੋਗ ਪਾਉਣ ਦਾ ਐਲਾਨ ਕਰ ਚੁੱਕੀ ਹੈ। ਮੈਂ ਮੰਨਦਾ ਹਾਂ ਕਿ ਹੁਣ ਸਮਾਂ ਹੈ ਜਦੋਂ ਕੁਲ ਆਲਮ ਨੂੰ ਇਕਹਿਰੀ ਵਰਤੋ ਵਾਲੀ ਪਲਾਸਟਿਕ ਨੂੰ ਅਲਵਿਦਾ ਆਖ ਦੇਣੀ ਚਾਹੀਦੀ ਹੈ।’ ਸ੍ਰੀ ਮੋਦੀ ਨੇ ਐਲਾਨ ਕੀਤਾ ਕਿ ਭਾਰਤ ਹੁਣ ਤੋਂ ਸਾਲ 2030 ਦਰਮਿਆਨ ਜ਼ਮੀਨ ਦੇ 2.6 ਹੈਕਟੇਅਰ ਰਕਬੇ ਨੂੰ ਬੰਜਰ ਤੋਂ ਉਪਜਾਊ ਬਣਾਏਗਾ। ਮੌਜੂਦਾ ਸਮੇਂ 2.1 ਕਰੋੜ ਹੈਕਟੇਅਰ ਰਕਬਾ ਬੰਜਰ ਜ਼ਮੀਨ ’ਚ ਆਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਜ਼ਮੀਨ ਦੀ ਪੁਨਰ ਸਥਾਪਨਾ ਸਮੇਤ ਹੋਰ ਕੋਈ ਐਪਲੀਕੇਸ਼ਨਾਂ ਲਈ ਰਿਮੋਰਟ ਸੈਸਿੰਗ ਤੇ ਪੁਲਾੜ ਤਕਨੀਕ ਦੀ ਵਰਤੋ ਕਰਨ ’ਤੇ ਮਾਣ ਮਹਿਸੂਸ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਲ 2015 ਤੋਂ 2017 ਵਿਚਾਲੇ ਰੁੱਖਾਂ ਤੇ ਜੰਗਲਾਤ ਖੇਤਰ ਰਕਬਾ 80 ਹਜ਼ਾਰ ਹੈਕਟੇਅਰ ਵਧਿਆ ਹੈ।