ਅਮਰੀਕੀ ਚੋਣਾਂ ’ਚ ਪੂਤਿਨ ਦੀ ਭੂਮਿਕਾ ਬਾਰੇ ‘ਖ਼ੁਲਾਸਾ’
ਅਮਰੀਕੀ ਏਜੰਟਾਂ ਨੇ ਰੂਸੀ ਸਰਕਾਰ ਦੇ ਇਕ ਅਜਿਹੇ ਉੱਚ ਪੱਧਰੀ ਸੂਤਰ ਨੂੰ ਬਚਾ ਕੇ ਬਾਹਰ ਕੱਢਿਆ ਹੈ ਜਿਸ ਨੇ ਕਬੂਲ ਕੀਤਾ ਹੈ ਕਿ 2016 ਦੀਆਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ’ਚ ਵਲਾਦੀਮੀਰ ਪੂਤਿਨ ਦੀ ਸਿੱਧੀ ਭੂਮਿਕਾ ਸੀ। ਅਮਰੀਕੀ ਮੀਡੀਆ ਸੀਐੱਨਐੱਨ ਦੀ ਰਿਪੋਰਟ ਮੁਤਾਬਕ ਇਹ ਵਿਅਕਤੀ ਅਮਰੀਕੀ ਖ਼ੁਫੀਆ ਏਜੰਸੀਆਂ ਨੂੰ ਦਹਾਕਿਆਂ ਤੋਂ ਸੂਚਨਾਵਾਂ ਦੇ ਰਿਹਾ ਸੀ। ਇਸ ਦਾ ਪੂਤਿਨ ਨਾਲ ਰਾਬਤਾ ਸੀ ਤੇ ਇਹ ਰੂਸੀ ਆਗੂ ਦੇ ਡੈਸਕ ’ਤੇ ਉੱਚ ਪੱਧਰੀ ਦਸਤਾਵੇਜ਼ਾਂ ਦੀਆਂ ਤਸਵੀਰਾਂ ਭੇਜਦਾ ਰਿਹਾ ਹੈ। ਸੀਐੱਨਐੱਨ ਤੇ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਇਸ ਜਾਸੂਸ ਨੂੰ ਰੂਸ ਵਿਚੋਂ ਬਾਹਰ ਕੱਢ ਲਿਆ ਗਿਆ ਸੀ। ਸੀਆਈਏ ਨੇ ਪਹਿਲਾਂ 2016 ਵਿਚ ਹੀ ਇਸ ਜਾਸੂਸ ਨੂੰ ਬਾਹਰ ਕੱਢਣ ਦੀ ਯੋਜਨਾ ਬਣਾਈ ਸੀ ਤਾਂ ਕਿ ਗੱਲ ਮੀਡੀਆ ਤੱਕ ਨਾ ਪਹੁੰਚ ਜਾਵੇ ਕਿਉਂਕਿ ਉਦੋਂ ਤੱਕ ਚੋਣਾਂ ਵਿਚ ਰੂਸੀ ਦਖ਼ਲਅੰਦਾਜ਼ੀ ਦਾ ਕਾਫ਼ੀ ਰੌਲਾ ਪੈ ਚੁੱਕਾ ਸੀ। ਪਰ ਜਾਸੂਸ ਨੇ ਕੁਝ ਕਾਰਨਾਂ ਦਾ ਹਵਾਲਾ ਦੇ ਕੇ ਸੀਆਈਏ ਨੂੰ ਇਨਕਾਰ ਕਰ ਦਿੱਤਾ ਤੇ ‘ਡਬਲ ਏਜੰਟ’ ਬਣ ਕੇ ਦੋਵੇਂ ਪਾਸੇ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਸ ਨੂੰ 2017 ਵਿਚ ਕੱਢਿਆ ਗਿਆ ਕਿਉਂਕਿ ਡਰ ਸੀ ਕਿ ਟਰੰਪ ਤੇ ਉਸ ਦੀ ਕੈਬਨਿਟ ਖ਼ੁਫੀਆ ਜਾਣਕਾਰੀ ਦੀ ਦੁਰਵਰਤੋਂ ਹੋਣ ’ਤੇ ਏਜੰਟ ਬਾਰੇ ਖ਼ੁਲਾਸਾ ਕਰ ਸਕਦੀ ਹੈ।