September 9, 2024
#ਖੇਡਾਂ

ਟੈਸਟ ਸਲਾਮੀ ਬੱਲੇਬਾਜ਼ ਲਈ ਰੋਹਿਤ ਦਾ ਨਾਂ ਵਿਚਾਰਾਂਗੇ: ਪ੍ਰਸਾਦ

ਚੋਣ ਕਮੇਟੀ ਦੇ ਪ੍ਰਧਾਨ ਐੱਮਐੱਸਕੇ ਪ੍ਰਸਾਦ ਨੇ ਸੰਕੇਤ ਦਿੱਤੇ ਹਨ ਕਿ ਰੋਹਿਤ ਸ਼ਰਮਾ ਨੂੰ ਭਾਰਤ ਦੀ ਟੈਸਟ ਟੀਮ ਵਿੱਚ ਸਲਾਮੀ ਬੱਲੇਬਾਜ਼ ਵਜੋਂ ਮੌਕਾ ਮਿਲ ਸਕਦਾ ਹੈ, ਜਦਕਿ ਲੋਕੇਸ਼ ਰਾਹੁਲ ਦੀ ਬੱਲੇਬਾਜ਼ੀ ਦੀ ਵਿਗੜੀ ਲੈਅ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਭਾਰਤੀ ਉਪ ਕਪਤਾਨ ਰੋਹਿਤ ਬੀਤੇ ਕੁੱਝ ਸਮੇਂ ਤੋਂ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ, ਪਰ ਟੀਮ ਵਿੱਚ ਥਾਂ ਬਣਾਉਣ ਦੇ ਬਾਵਜੂਦ ਉਸ ਨੂੰ ਵੈਸਟ ਇੰਡੀਜ਼ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਲੜੀ ਵਿੱਚ ਖੇਡਣ ਦਾ ਮੌਕਾ ਨਹੀਂ ਮਿਲਿਆ। ਰੋਹਿਤ ਟੈਸਟ ਟੀਮ ਵਿੱਚ ਆਮ ਤੌਰ ’ਤੇ ਮੱਧ ਕ੍ਰਮ ਦੇ ਬੱਲੇਬਾਜ਼ ਵਜੋਂ ਖੇਡਦਾ ਹੈ, ਪਰ ਵੈਸਟ ਇੰਡੀਜ਼ ਖ਼ਿਲਾਫ਼ ਅਜਿੰਕਿਆ ਰਹਾਣੇ ਅਤੇ ਹਨੁਮਾ ਵਿਹਾਰੀ ਦੀ ਸਫਲਤਾ ਮਗਰੋਂ ਸੰਭਾਵਨਾ ਹੈ ਕਿ ਉਸ ਨੂੰ ਟੀਮ ਵਿੱਚ ਸਲਾਮੀ ਬੱਲੇਬਾਜ਼ ਵਜੋਂ ਉਤਾਰਿਆ ਜਾ ਸਕਦਾ ਹੈ। ਪ੍ਰਸਾਦ ਨੇ ਕਿਹਾ, ‘‘ਚੋਣ ਕਮੇਟੀ ਵਜੋਂ ਅਸੀਂ ਵੈਸਟ ਇੰਡੀਜ਼ ਦੌਰੇ ਮਗਰੋਂ ਮੁਲਾਕਾਤ ਨਹੀਂ ਕੀਤੀ। ਜਦੋਂ ਅਸੀਂ ਮੀਟਿੰਗ ਕਰਾਂਗੇ ਤਾਂ ਰੋਹਿਤ ਨੂੰ ਸਲਾਮੀ ਬੱਲੇਬਾਜ਼ ਵਜੋਂ ਉਤਾਰਨ ਬਾਰੇ ਵਿਚਾਰ ਕਰਾਂਗੇ।’’ਉਸ ਨੇ ਕਿਹਾ, ‘‘ਲੋਕੇਸ਼ ਰਾਹੁਲ ਬੇਹੱਦ ਹੁਨਰਮੰਦ ਬੱਲੇਬਾਜ਼ ਹੈ। ਟੈਸਟ ਕ੍ਰਿਕਟ ਵਿੱਚ ਉਹ ਮੁਸ਼ਕਲ ਦੌਰ ’ਚੋਂ ਲੰਘ ਰਿਹਾ ਹੈ। ਅਸੀਂ ਉਸ ਦੀ ਕਾਰਗੁਜ਼ਾਰੀ ਸਬੰਧੀ ਫ਼ਿਕਰਮੰਦ ਹਾਂ। ਉਸ ਨੂੰ ਵਿਕਟ ’ਤੇ ਵੱਧ ਸਮਾਂ ਬਿਤਾਉਣਾ ਹੋਵੇਗਾ ਅਤੇ ਆਪਣੀ ਲੈਅ ਮੁੜ ਹਾਸਲ ਕਰਨੀ ਹੋਵੇਗੀ।’’ ਵੈਸਟ ਇੰਡੀਜ਼ ਖ਼ਿਲਾਫ਼ ਟੈਸਟ ਲੜੀ ਵਿੱਚ ਰਾਹੁਲ 13, 06, 44 ਅਤੇ 38 ਦੌੜਾਂ ਦੀਆਂ ਪਾਰੀਆਂ ਹੀ ਖੇਡ ਸਕਿਆ ਹੈ। ਕੁਲਦੀਪ ਯਾਦਵ ਅਤੇ ਯੁਜ਼ਵੇਂਦਰ ਚਾਹਲ ਨੂੰ ਵੈਸਟ ਇੰਡੀਜ਼ ਖ਼ਿਲਾਫ਼ ਟੀ-20 ਟੀਮ ਵਿੱਚ ਥਾਂ ਨਾ ਮਿਲਣ ਬਾਰੇ ਪ੍ਰਸਾਦ ਨੇ ਕਿਹਾ ਕਿ ਇਹ ਦੋਵੇਂ ਅਗਲੇ ਸਾਲ ਆਸਟਰੇਲੀਆ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਉਨ੍ਹਾਂ ਦੀਆਂ ਯੋਜਨਾਵਾਂ ਦਾ ਹਿੱਸਾ ਬਣੇ ਰਹਿਣਗੇ।