ਰਵੀ ਸ਼ਾਸਤਰੀ ਨੇ ਕੋਹਲੀ ਤੇ ਰੋਹਿਤ ਵਿਚਾਲੇ ਮਤਭੇਦਾਂ ਨੂੰ ਕੀਤਾ ਰੱਦ
ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਸੀਮਤ ਓਵਰਾਂ ਦੀ ਟੀਮ ਦੇ ਉਪ-ਕਪਤਾਨ ਰੋਹਿਤ ਸ਼ਰਮਾ ਵਿਚਾਲੇ ਮਤਭੇਦ ਦੀਆਂ ਅਫਵਾਹਾਂ ਨੂੰ ਰੱਦ ਕਰਨ ਦੀ ਕੋਸ਼ਿਸ਼ ਕਰਦਿਆਂ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਨਜ਼ਰੀਏ ਵਿੱਚ ਫ਼ਰਕ ਨੂੰ ਮਤਭੇਦ ਨਹੀਂ ਸਮਝਣਾ ਚਾਹੀਦਾ। ਪਹਿਲਾਂ ਵੀ ਦੋਵੇਂ ਸੀਨੀਅਰ ਖਿਡਾਰੀਆਂ ਵਿਚਾਲੇ ਕਥਿਤ ਮਤਭੇਦ ਦੀਆਂ ਖ਼ਬਰਾਂ ਨੂੰ ਬਕਵਾਸ ਦੱਸ ਚੁੱਕੇ ਸ਼ਾਸਤਰੀ ਤੋਂ ਇੱਕ ਵਾਰ ਫਿਰ ਇਸ ਸਬੰਧੀ ਪੁੱਛਿਆ ਗਿਆ ਸੀ। ਸ਼ਾਸਤਰੀ ਨੇ ‘ਗਲਫ ਨਿਊਜ਼’ ਨੂੰ ਕਿਹਾ, ‘‘ਟੀਮ ਵਿੱਚ ਜਦੋਂ 15 ਖਿਡਾਰੀ ਹੁੰਦੇ ਹਨ ਤਾਂ ਹਮੇਸ਼ਾ ਉਨ੍ਹਾਂ ਦੇ ਨਜ਼ਰੀਏ ਵਿੱਚ ਵਖਰੇਵਾਂ ਹੁੰਦਾ ਹੈ, ਜਿਸ ਦੀ ਜ਼ਰੂਰਤ ਵੀ ਹੁੰਦੀ ਹੈ। ਮੈਂ ਨਹੀਂ ਚਾਹੁੰਦਾ ਕਿ ਸਾਰੇ ਇੱਕ ਹੀ ਗੱਲ ਕਰਨ।’’ ਉਸ ਨੇ ਕਿਹਾ, ‘‘ਗੱਲਬਾਤ ਹੋਣੀ ਚਾਹੀਦੀ ਹੈ ਅਤੇ ਤਾਂ ਹੀ ਕੋਈ ਕਿਸੇ ਨਵੀਂ ਰਣਨੀਤੀ ਬਾਰੇ ਸੋਚ ਸਕਦਾ ਹੈ, ਜਿਸ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਲਈ ਤੁਹਾਨੂੰ ਖਿਡਾਰੀਆਂ ਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਦੇਣਾ ਹੋਵੇਗਾ ਅਤੇ ਫਿਰ ਫ਼ੈਸਲਾ ਕਰਨਾ ਹੋਵੇਗਾ ਕਿ ਕਿਹੜਾ ਵੱਧ ਸਹੀ ਹੈ।’’ ਭਾਰਤੀ ਟੀਮ ਦੇ ਕੈਰੇਬਿਆਈ ਦੌਰੇ ’ਤੇ ਰਵਾਨਾ ਹੋਣ ਤੋਂ ਪਹਿਲਾਂ ਕੋਹਲੀ ਨੇ ਵੀ ਮਤਭੇਦ ਦੀਆਂ ਖ਼ਬਰਾਂ ਨੂੰ ਰੱਦ ਕੀਤਾ ਸੀ।