ਕੈਂਸਰ ਦੇ ਇਲਾਜ ਤੋਂ ਬਾਅਦ ਰਿਸ਼ੀ ਕਪੂਰ ਭਾਰਤ ਪਰਤੇ
ਬੌਲੀਵੁੱਡ ਅਦਾਕਾਰ ਰਿਸ਼ੀ ਕਪੂਰ ਅਮਰੀਕਾ ਵਿੱਚ ਕੈਂਸਰ ਦਾ ਇਲਾਜ ਕਰਵਾਉਣ ਤੋਂ ਬਾਅਦ ਵਤਨ ਪਰਤ ਆਏ ਹਨ। ਉਹ ਪਿਛਲੇ ਸਾਲ ਨਿਊਯਾਰਕ ਗਏ ਸਨ। ਉਹ ਮੰਗਲਵਾਰ ਨੂੰ ਸਵੇਰੇ ਵਾਪਸ ਆਏ ਹਨ। ਰਿਸ਼ੀ ਕਪੂਰ (67) ਨੇ ਵਤਨ ਵਾਪਸ ਪਰਤਣ ਦੀ ਖਬਰ ਟਵਿਟਰ ’ਤੇ ਸਾਂਝੀ ਕੀਤੀ ਅਤੇ ਲਗਾਤਾਰ ਮਿਲ ਰਹੇ ਸਮਰਥਨ ਲਈ ਆਪਣੇ ਪ੍ਰਸ਼ੰਸਕਾਂ ਦਾ ਸ਼ੁਕਰੀਆ ਅਦਾ ਕੀਤਾ। ਸ੍ਰੀ ਕਪੂਰ ਨੇ ਟਵੀਟ ਕੀਤਾ, ‘11 ਮਹੀਨੇ 11 ਦਿਨ ਬਾਅਦ ਵਾਪਸ ਘਰ ਆਇਆ ਹਾਂ, ਤੁਹਾਡਾ ਸਭ ਦਾ ਸ਼ੁਕਰੀਆ।’ ਅਮਰੀਕਾ ਵਿੱਚ ਇਲਾਜ ਦੌਰਾਨ ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਨੀਤੂ ਕਪੂਰ ਵੀ ਉਨ੍ਹਾਂ ਦੇ ਨਾਲ ਸੀ। ਸ਼ਾਹਰੁਖ ਖਾਨ, ਆਲੀਆ ਭੱਟ, ਆਮਿਰ ਖਾਨ, ਪ੍ਰਿਯੰਕਾ ਚੋਪੜਾ, ਦੀਪਿਕਾ ਪਾਦੁਕੋਣ, ਅਨੁਪਮ ਖੇਰ ਅਤੇ ਅਭਿਸ਼ੇਕ ਤੇ ਐਸ਼ਵਰਿਆ ਰਾਏ ਬੱਚਨ ਸਮੇਤ ਬੌਲੀਵੁੱਡ ਦੀਆਂ ਕਈ ਸ਼ਖ਼ਸੀਅਤਾਂ ਨੇ ਉਥੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ।