15 ਸਾਲਾਂ ਮਗਰੋਂ ਖਰੀਦੀ ਟਿਕਟ ’ਤੇ ਨਿਕਲਿਆ ਡੇਢ ਕਰੋੜ ਰੁਪਏ ਦਾ ਇਨਾਮ
ਪੰਜਾਬ ਰਾਜ ਰਾਖੀ ਬੰਪਰ ਨੇ ਪਟਿਆਲਾ ਦੇ ਅਵਤਾਰ ਸਿੰਘ ਨੂੰ ਬਣਾਇਆ ਕਰੋੜਪਤੀ
ਚੰਡੀਗੜ – ‘ਕਿਸਮਤ ਚਮਕਦੀ ਦਾ ਕੋਈ ਪਤਾ ਨਹੀਂ ਲੱਗਦਾ’, ਇਹ ਗੱਲ 63 ਸਾਲਾ ਅਵਤਾਰ ਸਿੰਘ ’ਤੇ ਬਿਲਕੁਲ ਢੁਕਦੀ ਹੈ, ਜਿਸ ਨੂੰ ਪੰਜਾਬ ਰਾਜ ਰਾਖੀ ਬੰਪਰ 2019 ਨੇ ਰਾਤੋ ਰਾਤ ਕਰੋੜਪਤੀ ਬਣਾ ਦਿੱਤਾ ਹੈ।ਰਾਖੀ ਬੰਪਰ ਦੇ ਡੇਢ-ਡੇਢ ਕਰੋੜ ਰੁਪਏ ਦੇ ਪਹਿਲੇ ਦੋ ਇਨਾਮਾਂ ’ਚੋਂ ਇਕ ਇਨਾਮ ਜਿੱਤਣ ਬਾਅਦ ਬਾਗ਼ੋਬਾਗ ਨਜ਼ਰ ਆ ਰਹੇ ਪਟਿਆਲਾ ਵਾਸੀ ਅਵਤਾਰ ਸਿੰਘ ਨੇ ਕਿਹਾ ਕਿ ਜ਼ਿੰਦਗੀ ਵਿੱਚ ਐਨਾਂ ਵੱਡਾ ਇਨਾਮ ਜਿੱਤਣ ਬਾਰੇ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਪਰ ਰਾਖੀ ਬੰਪਰ ਨੇ ਇਸ ਨੂੰ ਸੱਚ ਕਰ ਦਿਖਾਇਆ ਹੈ। ਉਨਾਂ ਦੱਸਿਆ ਕਿ ਉਨਾਂ ਨੇ ਤਕਰੀਬਨ 15 ਸਾਲਾਂ ਬਾਅਦ ਅਣਮੰਨੇ ਮਨ ਨਾਲ ਇਸ ਵਾਰ ਲਾਟਰੀ ਦੀ ਟਿਕਟ ਖਰੀਦੀ ਸੀ ਕਿਉਂਕਿ ਇਸ ਤੋਂ ਪਹਿਲਾਂ ਉਨਾਂ ਨੂੰ ਕਦੇ ਵੀ ਇਨਾਮ ਨਹੀਂ ਨਿਕਲਿਆ ਸੀ।ਦੱਸਣਯੋਗ ਹੈ ਕਿ ਰਾਖੀ ਬੰਪਰ ਦਾ ਡੇਢ ਕਰੋੜ ਰੁਪਏ ਦਾ ਇਕ ਪਹਿਲਾ ਇਨਾਮ ਜ਼ੀਰਕਪੁਰ ਵਾਸੀ ਹਰਭਗਵਾਨ ਗਿਰ ਦਾ ਨਿਕਲਿਆ ਸੀ, ਜੋ ਮੂਲ ਰੂਪ ’ਚ ਪਟਿਆਲਾ ਜ਼ਿਲੇ ਦੇ ਪਿੰਡ ਬਹਾਦਰਪੁਰ ਫਕੀਰਾਂ ਦਾ ਰਹਿਣ ਵਾਲਾ ਹੈ।ਖੁਸ਼ਨਸੀਬ ਜੇਤੂ ਅਵਤਾਰ ਸਿੰਘ ਨੇ ਇਨਾਮੀ ਰਾਸ਼ੀ ਲਈ ਮੰਗਲਵਾਰ ਨੂੰ ਇਥੇ ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਨੂੰ ਲਾਟਰੀ ਟਿਕਟ ਅਤੇ ਹੋਰ ਦਸਤਾਵੇਜ਼ ਸੌਂਪੇ। ਅਵਤਾਰ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਪੁੱਤਰ ਹਨ ਅਤੇ ਛੋਟਾ ਬੇਟਾ ਵਿਦੇਸ਼ ਵਿੱਚ ਪੜਾਈ ਕਰ ਰਿਹਾ ਹੈ ਜਦੋਂਕਿ ਵੱਡਾ ਬੇਟਾ ਐਮਬੀਏ ਕਰਨ ਬਾਅਦ ਪਟਿਆਲਾ ਵਿਖੇ ਹੀ ਪ੍ਰਾਈਵੇਟ ਨੌਕਰੀ ਕਰ ਰਿਹਾ ਹੈ।ਭਵਿੱਖੀ ਯੋਜਨਾਵਾਂ ਬਾਰੇ ਉਨਾਂ ਕਿਹਾ ਕਿ ਇਹ ਵੱਡੀ ਇਨਾਮੀ ਰਾਸ਼ੀ ਉਸ ਲਈ ਆਪਣੇ ਬੇਟਿਆਂ ਨੂੰ ਜ਼ਿੰਦਗੀ ’ਚ ਸਥਾਪਤ ਕਰਨ ਤੋਂ ਇਲਾਵਾ ਹੋਰ ਮਾਲੀ ਸਮੱਸਿਆਵਾਂ ਦੇ ਹੱਲ ਵਿੱਚ ਬੇਹੱਦ ਮਦਦਗਾਰ ਸਾਬਿਤ ਹੋਵੇਗੀ।ਪੰਜਾਬ ਲਾਟਰੀਜ਼ ਵਿਭਾਗ ਵੱਲੋਂ ਲਾਟਰੀਆਂ ਦੇ ਡਰਾਅ ਕੱਢਣ ਲਈ ਵਰਤੇ ਜਾਂਦੇ ਪਾਰਦਰਸ਼ੀ ਤੇ ਸੌਖਾਲੇ ਢੰਗ ’ਤੇ ਤਸੱਲੀ ਜ਼ਾਹਿਰ ਕਰਦਿਆਂ ਅਵਤਾਰ ਸਿੰਘ ਨੇ ਕਿਹਾ ਕਿ ਸਭ ਤੋਂ ਵੱਧ ਖੁਸ਼ੀ ਦੀ ਗੱਲ ਇਹ ਹੈ ਕਿ ਪੰਜਾਬ ਅਜਿਹਾ ਸੂਬਾ ਹੈ, ਜਿਥੇ ਲਾਟਰੀਆਂ ਦੇ ਵੱਡੇ ਇਨਾਮ ਜਨਤਾ ਵਿੱਚ ਵਿਕੀਆਂ ਟਿਕਟਾਂ ’ਤੇ ਹੀ ਕੱਢੇ ਜਾਂਦੇ ਹਨ। ਪੰਜਾਬ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਨੇ ਅਵਤਾਰ ਸਿੰਘ ਨੂੰ ਇਨਾਮੀ ਰਾਸ਼ੀ ਜਲਦੀ ਤੋਂ ਜਲਦੀ ਦਿਵਾਉਣ ਦਾ ਭਰੋਸਾ ਦਿੱਤਾ।