ਸਵਾਮੀ ਵਿਵੇਕਾਨੰਦ ਦਾ ਸੰਦੇਸ਼ ਅੱਜ ਵੀ ਢੁੱਕਵਾਂ: ਮਮਤਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਸ਼ਿਕਾਗੋ ਵਿੱਚ ਧਰਮ ਸੰਸਦ ਦੇ ਸੰਮੇਲਨ ਦੌਰਾਨ ਸਵਾਮੀ ਵਿਵੇਕਾਨੰਦ ਵਲੋਂ ਆਪਣੇ ਸੰਬੋਧਨ ਵਿੱਚ ਆਲਮੀ ਭਾਈਚਾਰੇ ਦਾ ਦਿੱਤਾ ਗਿਆ ਸੰਦੇਸ਼ ਅੱਜ ਦੇ ਸਮੇਂ ਵਿੱਚ ਵੀ ਪ੍ਰਸੰਗਿਕ ਹੈ। ਸਵਾਮੀ ਵਿਵੇਕਾਨੰਦ ਨੇ 1893 ਵਿੱਚ ਆਪਣੇ ਭਾਸ਼ਣ ਵਿੱਚ ਪੱਛਮੀ ਦੁਨੀਆਂ ਨੂੰ ਭਾਰਤ ਅਤੇ ਹਿੰਦੂਤਵ ਬਾਰੇ ਜਾਣੂ ਕਰਵਾਇਆ ਸੀ।ਸਵਾਮੀ ਵਿਵੇਕਾਨੰਦ ਨੂੰ ਸ਼ਰਧਾਂਜਲੀ ਦਿੰਦਿਆਂ ਬੈਨਰਜੀ ਨੇ ਟਵੀਟ ਕੀਤਾ, ‘‘ਸ਼ਿਕਾਗੋ ਵਿੱਚ ਧਰਮ ਸੰਸਦ ’ਚ ਸਵਾਮੀ ਵਿਵੇਕਾਨੰਦ ਦੇ ਮਹਾਨ ਭਾਸ਼ਣ ਨੂੰ ਅੱਜ 126 ਸਾਲ ਹੋ ਗਏ ਹਨ ਪਰ ਉਨ੍ਹਾਂ ਦਾ ਆਲਮੀ ਭਾਈਚਾਰੇ ਵਾਲਾ ਸੰਦੇਸ਼ ਅੱਜ ਦੇ ਯੁੱਗ ਵਿੱਚ ਵੀ ਪ੍ਰਸੰਗਿਕ ਹੈ। ਇਸ ਮਹਾਨ ਸੰਤ ਨੂੰ ਮੇਰੀ ਆਦਰਪੂਰਨ ਸ਼ਰਧਾਂਜਲੀ।’’ ਪੱਛਮੀ ਬੰਗਾਲ ਦੀ ਸਰਕਾਰ ਵਲੋਂ ਅੱਜ ਆਰਥਿਕ ਤੌਰ ’ਤੇ ਪੱਛੜੇ ਵਰਗਾਂ ਦੇ ਹੁਸ਼ਿਆਰ ਵਿਦਿਆਰਥੀਆਂ ਲਈ ਸਵਾਮੀ ਵਿਵੇਕਾਨੰਦ ਮੈਰਿਟ-ਕਮ-ਮੀਨਸ ਸਕਾਰਲਸ਼ਿਪ ਸਕੀਮ ਦੀ ਸ਼ੁਰੂਆਤ ਵੀ ਕੀਤੀ ਗਈ ਹੈ।