ਦਿਲਜੀਤ ਵੱਲੋਂ ਹਿਊਸਟਨ ਦਾ ਸ਼ੋਅ ਮੁਲਤਵੀ

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਅਮਰੀਕਾ ’ਚ 21 ਸਤੰਬਰ ਨੂੰ ਹੋਣ ਵਾਲਾ ਆਪਣਾ ਸ਼ੋਅ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਉਨ੍ਹਾਂ ਨੇ ਫੈਡਰੇਸ਼ਨ ਆਫ ਵੈਸਟਰਨ ਸਿਨੇ ਐਂਪਲਾਈਜ਼ ਵੱਲੋਂ ਇਹ ਸ਼ੋਅ ਕਥਿਤ ਤੌਰ ’ਤੇ ਪਾਕਿਸਤਾਨੀ ਨਾਗਰਿਕ ਰੇਹਾਨ ਸਿਦੀਕੀ ਵੱਲੋਂ ਕਰਵਾਏ ਜਾਣ ਦੇ ਦੋਸ਼ ਲਾਏ ਜਾਣ ਕਾਰਨ ਕੀਤਾ ਹੈ।ਐੱਫਡਬਲਿਊਆਈਸੀਈ ਵੱਲੋਂ 31 ਅਗਸਤ ਨੂੰ ਜਾਰੀ ਇੱਕ ਬਿਆਨ ’ਚ ਕਿਹਾ ਗਿਆ ਕਿ ਉਨ੍ਹਾਂ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੇ ਮੱਦੇਨਜ਼ਰ ਦਿਲਜੀਤ ਨੂੰ ਦੇਸ਼ ਦੇ ਹਿਤਾਂ ਲਈ ਸ਼ੋਅ ਤੋਂ ਕਿਨਾਰਾ ਕਰਨ ਦੀ ਅਪੀਲ ਕੀਤੀ ਗਈ ਸੀ। ਸੰਸਥਾ ਵੱਲੋਂ ਜਾਰੀ ਬਿਆਨ ਅਨੁਸਾਰ, ‘‘ਅਸੀਂ ਪਾਕਿਸਤਾਨੀ ਨਾਗਰਿਕ ਵੱਲੋਂ ਕਰਵਾਏ ਜਾਣ ਵਾਲੇ ਸ਼ੋਅ ਦਾ ਪੋਸਟਰ ਵੇਖਿਆ ਜਿਸ ਵਿੱਚ ਦਿਲਜੀਤ ਦੋਸਾਂਝ ਵੱਲੋਂ ਪੇਸ਼ਕਾਰੀ ਦਿੱਤੇ ਜਾਣ ਬਾਰੇ ਦੱਸਿਆ ਗਿਆ ਸੀ। ਇਸ ਕਰਕੇ ਅਸੀਂ ਦੇਸ਼ ਭਗਤੀ ਅਤੇ ਭਾਵਨਾਵਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਕਰਾਰ ਰੱਦ ਕਰਨ ਲਈ ਲਿਖਿਆ।’’ ਦਿਲਜੀਤ, ਜਿਨ੍ਹਾਂ ਨੇ 21 ਸਤੰਬਰ ਨੂੰ ਹਿਊਸਟਨ ’ਚ ਹੋਣ ਸ਼ੋਅ ’ਚ ਪੇਸ਼ਕਾਰੀ ਦੇਣੀ ਸੀ, ਨੇ ਆਪਣੇ ਟਵਿੱਟਰ ਖ਼ਾਤੇ ’ਤੇ ਕਿਹਾ ਕਿ ਉਹ ਇਸ ਮਾਮਲੇ ’ਚ ਸੰਸਥਾ ਵੱਲੋਂ ਮਿਲੇ ਕਿਸੇ ਵੀ ਸੰਕੇਤ ਤੋਂ ਅਜੇ ਤੱਕ ਅਣਜਾਣ ਹਨ ਪਰ ਉਨ੍ਹਾਂ ਲਈ ਦੇਸ਼ ਦੇ ਹਿੱਤ ਨਿੱਜੀ ਹਿੱਤਾਂ ਤੋਂ ਪਹਿਲਾਂ ਹਨ। ਸ੍ਰੀ ਦੋਸਾਂਝ ਨੇ ਕਿਹਾ ਕਿ ਉਨ੍ਹਾਂ ਦਾ ਕਰਾਰ ਦਾ ਸਿਰਫ ਸ੍ਰੀ ਬਾਲਾਜੀ ਐਂਟਰਟੇਨਰ ਨਾਲ ਹੈ ਪਰ ਫਿਰ ਵੀ ਉਹ ਐੱਫਡਬਲਿਊਆਈਸੀਈ ਦੀਆਂ ਭਾਵਨਾਂਵਾਂ ਦੀ ਕਦਰ ਕਰਦੇ ਹੋਏ ਆਪਣਾ ਹਿਊਸਟਨ ਵਾਲਾ ਸ਼ੋਅ ਮੁਲਤਵੀ ਕਰ ਰਹੇ ਹਨ।