January 15, 2025
#ਦੇਸ਼ ਦੁਨੀਆਂ

ਇਮਰਾਨ ਕਸ਼ਮੀਰ ਮੁੱਦੇ ਤੇ ਧਿਆਨ ਖਿੱਚਣ ਲਈ PoK ਚ ਕਰਨਗੇ ਰੈਲੀ

ਅੰਤਰਰਾਸ਼ਟਰੀ ਮੰਚਾਂ ‘ਤੇ ਮੂੰਹ ਦੀ ਖਾਣ ਦੇ ਬਾਅਦ ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਵਿਚ ਰੈਲੀ ਕਰਨਗੇ। ਇਮਰਾਨ ਨੇ ਇਕ ਟਵੀਟ ਵਿਚ ਕਿਹਾ,”ਮੈਂ ਇਸ ਸ਼ੁੱਕਰਵਾਰ ਮਤਲਬ 13 ਸਤੰਬਰ ਨੂੰ ਮੁਜ਼ੱਫਰਾਬਾਦ ਵਿਚ ਇਕ ਵੱਡੀ ਰੈਲੀ ਕਰਨ ਜਾ ਰਿਹਾ ਹਾਂ। ਇਸ ਰੈਲੀ ਜ਼ਰੀਏ ਮੈਂ ਪੂਰੀ ਦੁਨੀਆ ਦਾ ਧਿਆਨ ਕਸ਼ਮੀਰ ਵੱਲ ਲਿਜਾਣ ਦੀ ਕੋਸ਼ਿਸ਼ ਕਰਾਂਗਾ ਅਤੇ ਕਸ਼ਮੀਰੀਆਂ ਨੂੰ ਇਹ ਦਿਖਾਵਾਂਗਾ ਕਿ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ।”ਕਸ਼ਮੀਰ ਮਾਮਲੇ ‘ਤੇ ਦੁਨੀਆ ਵਿਚ ਅਲੱਗ-ਥਲੱਗ ਪੈ ਚੁੱਕੇ ਪਾਕਿਸਤਾਨ ਨੇ ਦੂਜੇ ਦੇਸ਼ਾਂ ਨੂੰ ਆਪਣੀ ਗੱਲ ਦੱਸਣ ਦੀਆਂ ਕੋਸ਼ਿਸ਼ਾਂ ਜਾਰੀ ਰੱਖਣ ਦਾ ਫੈਸਲਾ ਲਿਆ ਹੈ। ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਮੌਕੇ ‘ਤੇ 35 ਦੇਸ਼ਾਂ ਦੇ ਪ੍ਰਤੀਨਿਧੀਆਂ ਦੇ ਸਾਹਮਣੇ ਕਸ਼ਮੀਰ ਮੁੱਦੇ ‘ਤੇ ਆਪਣਾ ਪੱਖ ਰੱਖਣ ਦਾ ਫੈਸਲਾ ਲਿਆ ਹੈ। ਇਨ੍ਹਾਂ ਦੇਸ਼ਾਂ ਵਿਚ ਅਮਰੀਕਾ, ਰੂਸ, ਚੀਨ, ਫਰਾਂਸ ਦੇ ਰਾਸ਼ਟਰਪਤੀ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸ਼ਾਮਲ ਹੋਣਗੇ।ਪਾਕਿਸਤਾਨੀ ਮੀਡੀਆ ਰਿਪੋਰਟ ਮੁਤਾਬਕ ਇਮਰਾਨ ਸੰਯੁਕਤ ਰਾਸ਼ਟਰੀ ਦੀ 74ਵੀਂ ਮਹਾਸਭਾ ਵਿਚ ਆਪਣੇ ਦੇਸ਼ ਦੇ ਵਫਦ ਦੀ ਅਗਵਾਈ ਕਰਨਗੇ। ਉਨ੍ਹਾਂ ਨਾਲ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਹੋਣਗੇ। ਇਮਰਾਨ ਮਹਾਸਭਾ ਦੀ ਬੈਠਕ ਤੋਂ ਵੱਖ 35 ਦੇਸ਼ਾਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਕਸ਼ਮੀਰ ਦੇ ਗੰਭੀਰ ਹਾਲਾਤ ਦੀ ਜਾਣਕਾਰੀ ਦੇਣਗੇ।