ਪਵਨ ਦੀਵਾਨ ਨੇ ਪੰਜਾਬ ਲਾਰਜ਼ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ
ਮੁਨੀਸ਼ ਤਿਵਾੜੀ, ਰਾਣਾ ਕੇ.ਪੀ. ਸਿੰਘ, ਅਤੇ ਸੁੰਦਰ ਸ਼ਾਮ ਅਰੋੜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ
ਚੰਡੀਗੜ – ਸ੍ਰੀ ਪਵਨ ਦੀਵਾਨ ਨੇ ਅੱਜ ਪੰਜਾਬ ਲਾਰਜ਼ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਸ੍ਰੀ ਮੁਨੀਸ਼ ਤਿਵਾੜੀ, ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਅਤੇ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਉਨਾਂ ਦੇ ਰਿਸ਼ਤੇਦਾਰ, ਦੋਸਤ, ਪਰਿਵਾਰਕ ਮੈਂਬਰ ਅਤੇ ਪਤਵੰਤੇ ਵੀ ਹਾਜ਼ਰ ਸਨ।ਅੱਜ ਇੱਥੇ ਉਦਯੋਗ ਭਵਨ ਵਿਖੇ ਵਿਖੇ ਆਪਣਾ ਅਹੁਦਾ ਸੰਭਾਲਣ ਮਗਰੋਂ ਸ੍ਰੀ ਪਵਨ ਦੀਵਾਨ ਨੇ ਨਵੀਂ ਜ਼ਿੰਮੇਵਾਰੀ ਦੇਣ ਲਈ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਤੌਰ ਚੇਅਰਮੈਨ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਸਮਰੱਥਾ ਅਤੇ ਸ਼ਿੱਦਤ ਨਾਲ ਨਿਭਾਉਣਗੇ। ਉਨਾਂ ਕਿਹਾ ਕਿ ਅਜੋਕੇ ਬੇਰੁਜਗਾਰੀ ਦੌਰ ’ਚ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਲਈ ਸੂਖਮ, ਛੋਟੇ, ਦਰਮਿਆਨੇ ਅਤੇ ਵੱਡੇ ਉਦਯੋਗ ਸਥਾਪਿਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨਾਂ ਕਿਹਾ ਸੂਬਾ ਸਰਕਾਰ ਪਹਿਲਾਂ ਹੀ ਉਦਯੋਗ ਪੱਖੀ ਵਾਤਾਵਰਣ ਸਿਰਜਣ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸੇ ਦਿਸ਼ਾ ’ਚ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ 2017 ਲਾਗੂ ਕੀਤੀ ਜਾ ਚੁੱਕੀ ਹੈ, ਜਿਸ ’ਚ ਉਦਯੋਗਾਂ ਨੂੰ ਅਨੇਕਾਂ ਵਿੱਤੀ ਸਹੂਲਤਾਂ ਤੇ ਛੋਟਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨਾਂ ਕਿਹਾ ਕਿ ਉਹ ਸੂਬੇ ’ਚ ਸਨਅਤੀ ਆਰਥਿਕਤਾ ਨੂੰ ਮਜ਼ਬੂਤੀ ਦੇਣ, ਨਵੀਂਆਂ ਉਦਯੋਗਿਕ ਇਕਾਈਆਂ ਸਥਾਪਿਤ ਕਰਨ ਅਤੇ ਕਮਜ਼ੋਰ ਉਦਯੋਗਿਕ ਇਕਾਈਆਂ ਦੇ ਮੁੜ ਵਸੇਬੇ ਲਈ ਵਿਸ਼ੇਸ਼ ਯਤਨ ਕਰਨਗੇ। ਜ਼ਿਕਰਯੋਗ ਹੈ ਕਿ ਸ੍ਰੀ ਪਵਨ ਦੀਵਾਨ ਪਿਛਲੇ ਲੰਮੇ ਸਮੇਂ ਤੋਂ ਰਾਜਨੀਤਕ ਅਤੇ ਸਮਾਜਿਕ ਖੇਤਰ ’ਚ ਸਰਗਰਮ ਰਹੇ ਹਨ। ਉਨਾਂ ਨੇ ਨੌਜਵਾਨਾਂ ਨੂੰ ਨਸ਼ਿਆ ਤੋਂ ਬਚਾਉਣ ਲਈ ਅਨੇਕਾਂ ਨਸ਼ਾ ਛਡਾੳੂ ਕੈਂਪਾਂ ਅਤੇ ਖੂਨਦਾਨ ਕੈਂਪਾਂ ਦਾ ਆਯੋਜਨ ਵੀ ਕੀਤਾ। ਉਨਾਂ ਨੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਜੁੜ ਕੇ ਗਰੀਬ ਮਹਿਲਾਵਾਂ ਦੀ ਸਹਾਇਤਾ ਕਰਨ, ਵਾਤਾਵਰਨ ਨੂੰ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਅਤੇ ਹੋਰਨਾਂ ਸਮਾਜਿਕ ਮੁੱਦਿਆਂ ’ਤੇ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕਰਵਾਏ ਹਨ।