September 9, 2024
#ਪ੍ਰਮੁੱਖ ਖ਼ਬਰਾਂ #ਭਾਰਤ

ਪਾਕਿਸਤਾਨ ਅਧਿਕਾਰਤ ਕਸ਼ਮੀਰ ਤੇ ਸਰਕਾਰ ਲਵੇਗੀ ਫੈਸਲਾ, ਫੌਜ ਪੂਰੀ ਤਰ੍ਹਾਂ ਤਿਆਰ : ਬਿਪਿਨ ਰਾਵਤ

ਨਵੀਂ ਦਿੱਲੀ – ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਲੈ ਕੇ ਫੌਜੀ ਮੁਖੀ ਬਿਪਿਨ ਰਾਵਤ ਨੇ ਕਿਹਾ ਹੈ ਕਿ ਕਿ ਆਰਮੀ ਪੀ.ਓ.ਕੇ. ਨੂੰ ਲੈ ਕੇ ਕਿਸੇ ਵੀ ਮੁਹਿੰਮ ਲਈ ਤਿਆਰ ਹੈ| ਪ੍ਰਧਾਨ ਮੰਤਰੀ ਦਫਤਰ ਦੇ ਰਾਜ ਮੰਤਰੀ ਜਿਤੇਂਦਰ ਸਿੰਘ ਵਲੋਂ ਪਾਕਿਸਤਾਨੀ ਕਬਜੇ ਵਾਲੇ ਕਸ਼ਮੀਰ ਬਾਰੇ ਦਿੱਤੇ ਬਿਆਨ ਦੇ ਸਵਾਲ ਤੇ ਫੌਜ ਮੁਖੀ ਨੇ ਕਿਹਾ ਕਿ ਇਸ ਤੇ ਫੈਸਲਾ ਸਰਕਾਰ ਨੇ ਲੈਣਾ ਹੈ| ਉਨ੍ਹਾਂ ਕਿਹਾ ਫੌਜ ਹਮੇਸ਼ਾ ਕਿਸੇ ਵੀ ਕਾਰਵਾਈ ਲਈ ਤਿਆਰ ਰਹਿੰਦੀ ਹੈ|ਬਿਪਿਨ ਰਾਵਤ ਨੇ ਕਿਹਾ ਕਿ ਪੀ.ਓ.ਕੇ. ਨੂੰ ਲੈ ਕੇ ਸਰਕਾਰ ਦੇ ਬਿਆਨ ਤੋਂ ਖੁਸ਼ੀ ਹੋਈ ਹੈ| ਉਨ੍ਹਾਂ ਕਿਹਾ ਕਿ ਇਸ ਤੇ ਫੈਸਲਾ ਸਰਕਾਰ ਨੇ ਲੈਣਾ ਹੈ ਪਰ ਅਸੀਂ ਨਿਰਦੇਸ਼ ਦੇ ਆਧਾਰ ਤੇ ਤਿਆਰ ਹਾਂ|ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਪੀ.ਓ.ਕੇ. ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਚਿਤਾਵਨੀ ਦਿੱਤੀ ਸੀ| ਉਨ੍ਹਾਂ ਨੇ ਕਿਹਾ ਸੀ ਕਿ ਪਾਕਿਸਤਾਨ ਨਾਲ ਹੁਣ ਕੋਈ ਵੀ ਗੱਲਬਾਤ ਪੀ.ਓ.ਕੇ. ਨੂੰ ਲੈ ਕੇ ਹੀ ਹੋਵੇਗੀ| ਇਹੀ ਨਹੀਂ 6 ਅਗਸਤ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸੰਸਦ ਵਿੱਚ ਧਾਰਾ 370 ਤੇ ਵਿਰੋਧੀ ਦਲਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਸੰਸਦ ਵਿੱਚ ਕਿਹਾ ਸੀ ਕਿ ਅਸੀਂ ਜਾਨ ਦੇ ਦੇਵਾਂਗੇ ਪਰ ਪੀ.ਓ.ਕੇ. ਲੈ ਕੇ ਰਹਾਂਗੇ| ਫੌਜ ਮੁਖੀ ਬਿਪਿਨ ਸਿੰਘ ਰਾਵਤ ਨੇ ਜੰਮੂ-ਕਸ਼ਮੀਰ ਵਿੱਚ ਧਾਰਾ 370 ਹਟਾਏ ਜਾਣ ਦੇ ਫੈਸਲੇ ਦਾ ਸਵਾਗਤ ਕੀਤਾ| ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਦੇ ਲੋਕ ਵੀ ਸਾਡੇ ਦੇਸ਼ ਦੇ ਹੀ ਹਨ| ਉਹ ਸਾਡੇ ਹੀ ਲੋਕ ਹਨ| ਕਸ਼ਮੀਰ ਦੇ ਲੋਕਾਂ ਨੂੰ ਸ਼ਾਂਤੀ ਬਹਾਲ ਕਰਨ ਲਈ ਸੁਰੱਖਿਆ ਫੋਰਸਾਂ ਨੂੰ ਕੁਝ ਮੌਕਾ ਦੇਣਾ ਚਾਹੀਦਾ ਹੈ|