September 9, 2024
#ਪੰਜਾਬ #ਭਾਰਤੀ ਡਾਇਸਪੋਰਾ

550ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ਪੰਜਾਬ ਦੀਆਂ ਜੇਲ੍ਹਾ ਵਿੱਚ ਧਾਰਮਿਕ ਲਿਟਰੇਚਰ ਵੰਡਿਆ ਜਾਵੇਗਾ: ਸੁਖਜਿੰਦਰ ਸਿੰਘ ਰੰਧਾਵਾ

ਚੰਡੀਗੜ੍ਹ – ਸਿੱਖ ਧਰਮ ਦੇ ਮੋਢੀ, ਮਾਨਵਤਾ ਦੇ ਰਹਿਬਰ, ਸਾਂਝੀਵਾਲਤਾ ਦੇ ਮੁੱਜਸਮੇ , ਅਕਾਲ ਜੋਤ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਸਮਾਗਮਾਂ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਗੁਰੂ ਸਾਹਿਬ ਦੀ ਚਰਨ ਛੋਹ ਥਾਂਵਾਂ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗੱਲਬਾਤ ਕਰਦਿਆਂ ਕੀਤਾ।ਕੈਬਨਿਟ ਮੰਤਰੀ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਤਾਬਦੀ ਸਮਾਗਮ ਵੱਡੇ ਪੱਧਰ ਤੇ ਮਨਾਉਣ ਲਈ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਇਸ ਮਹਾਨ ਦਿਨ ਤੇ ਦੇਸ ਵਿਦੇਸ ਤੋਂ ਪਹੁੰਚਣ ਵਾਲੀਆਂ ਲੱਖਾਂ ਸੰਗਤਾਂ ਦੇ ਠਹਿਰਨ, ਲੰਗਰ, ਮੈਡੀਕਲ ਸੇਵਾਵਾਂ ਅਤੇ ਹਰ ਤਰ੍ਹਾਂ ਦੀ ਸੁਵਿਧਾ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਇਹ ਸਮਾਗਮ ਜਿਥੇ ਸਮੁੱਚੇ ਪੰਜਾਬ ਵਿੱਚ ਵੱਖ ਵੱਖ ਸਹਿਰਾ ਵਿੱਚ ਚੱਲਣਗੇ ਉਥੇ ਖਾਸ ਕਰਕੇ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ ਆਯੋਜਿਤ ਕਰਵਾਏ ਜਾਣ ਵਾਲੇ ਸਮਾਗਮ ਵੇਖਣਯੋਗ ਹੋਣਗੇ।ਸ. ਰੰਧਾਵਾ ਨੇ ਕਿਹਾ ਕਿ ਇਸ ਸਤਾਬਦੀ ਸਮਾਗਮ ਮੌਕੇ ਜਿਥੇ ਜੇਲਾਂ ਵਿੱਚ ਬੰਦ 550 ਚੰਗੇ ਆਚਰਨ ਵਾਲੇ ਕੈਦੀਆਂ ਨੂੰ ਵੀ ਰਿਹਾਅ ਕੀਤੇ ਜਾਣ ਦੀ ਤਜਵੀਜ ਹੈ ਉਥੇ ਜੇਲ੍ਹਾਂ ਵਿੱਚ ਗੁਰੂ ਸਾਹਿਬ ਜੀ ਦੇ ਜੀਵਨ ਨਾਲ ਸਬੰਧਿਤ ਧਾਰਮਿਕ ਲਿਟਰੇਚਰ ਵੀ ਵੰਡਿਆ ਜਾਵੇਗਾ ਜਿਸ ਵਿੱਚ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਵੀਰ ਸਿੰਘ ਵਲੋਂ ਲਿਖੀਆਂ ਪੁਸਤਕਾਂ ਜਿੰਨ੍ਹਾ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨ ਬਿ੍ਰਤਾਂਤ ਦਰਸਾਇਆ ਗਿਆ ਹੈ ਅਤੇ ਇਸ ਤੋਂ ਇਲਾਵਾ ਬਾਕੀ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਵਾਲਾ ਧਾਰਮਿਕ ਲਿਟਰੇਚਰ ਜੋ ਮਾਨਵਤਾ ਦਾ ਰਾਹ ਦੁਸੇਰਾ ਹੈ ਸਮੇਤ ਹੋਰ ਵੀ ਲਿਟਰੇਚਰ ਵੰਡਿਆ ਜਾਵੇਗਾ। ਸ ਰੰਧਾਵਾ ਨੇ ਦੱਸਿਆ ਕਿ ਜੇਲਾਂ ਵਿੱਚ ਬੰਦ ਕੈਦੀਆ ਨੂੰ ਇਹ ਲਿਟਰੇਚਰ ਮੁਹੱਈਆ ਕਰਵਾਉਣ ਦਾ ਮੰਤਵ ਹੈ ਕਿ ਅਜਿਹੇ ਲੋਕਾਂ ਦੀ ਮਨੋਬਿਰਤੀ ਵਿੱਚ ਬਦਲਾਅ ਆ ਸਕੇ ਤੇ ਉਹ ਵੀ ਸਮਾਜ ਦਾ ਚੰਗਾ ਹਿੱਸਾ ਬਣ ਕੇ ਜਿੰਦਗੀ ਜੀ ਸਕਣ। ਕੈਬਨਿਟ ਮੰਤਰੀ ਰੰਧਾਵਾ ਨੇ ਕਿਹਾ ਕਿ ਪੰਜਾਬ ਦੀਆਂ ਹਰੇਕ ਜੇਲਾਂ ਵਿੱਚ 5-5 ਸੈਟੱਾ ਵਿੱਚ 550-550 ਪੁਸਤਕਾਂ ਮੁਹੱਈਆ ਕਰਵਾਈਆਂ ਜਾਣਗੀਆਂ ਤੇ ਇਹ ਉਪਰਾਲਾ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਅਤੇ ਖਾਸ ਕਰਕੇ ‘ਮਹਾਰਾਜਾ ਜੱਸਾ ਸਿੰਘ ਰਾਮਗੜੀਆ ਫਾਊਂਡੇਸਨ ’ ਵਲੋਂ ਕਰਵਾਇਆ ਜਾਵੇਗਾ ।