‘ਤੰਦਰੁਸਤ ਪੰਜਾਬ’ ਮਿਸ਼ਨ ਤਹਿਤ ਪੰਜਾਬ ਵੱਲੋਂ ਸਿਹਤ ਅਤੇ ਵਾਤਾਵਰਣ ਸਬੰਧੀ ਮੁੱਦਿਆਂ ਦੇ ਹੱਲ ਲਈ ਇਮਟੈੱਕ ਨਾਲ ਸਮਝੌਤਾ ਸਹੀਬੱਧ

ਚੰਡੀਗੜ੍ਹ – ਮਿਸ਼ਨ ਤੰਦਰੁਸਤ ਪੰਜਾਬ 2.0 ਤਹਿਤ ਅੱਜ ਸੀ.ਐਸ.ਆਈ.ਆਰ-ਇੰਸਟੀਚਿਊਟ ਆਫ਼ ਮਾਇਕਰੋਬੀਅਲ ਤਕਨਾਲੋਜੀ (ਇਮਟੈੱਕ) ਵੱਲੋਂ ਪੰਜਾਬ ਸਰਕਾਰ ਦੇ ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਨਾਲ ਆਪਸੀ ਸਹਿਮਤੀ ਦਾ ਸਮਝੌਤਾ ਸਹੀਬੱਧ ਕੀਤਾ ਗਿਆ ਹੈ ਜਿਸ ਵਿੱਚ ਜਨਤਕ ਸਿਹਤ ਅਤੇ ਵਾਤਾਵਰਣ ਸਬੰਧੀ ਮੁੱਦਿਆਂ ਦਾ ਸਾਂਝੇ ਤੌਰ ’ਤੇ ਹੱਲ ਕਰਨ ਦੇ ਨਾਲ ਨਾਲ ਮਿਸ਼ਨ ਇਨੋਵੇਟ ਪੰਜਾਬ ਤਹਿਤ ਸੂਬੇ ਦਾ ਰਿਸਰਚ ਅਤੇ ਇਨੋਬੇਸ਼ਨ ਹੱਬ ਬਣਾਉਣਾ ਸ਼ਾਮਲ ਹੈ।ਸਮਝੌਤੇ ਅਨੁਸਾਰ ਦੋਵੇਂ ਸੰਸਥਾਵਾਂ ਪੰਜਾਬ ਵਿੱਚ ਰਿਸਰਚ ਐਂਡ ਇਨੋਵੇਸ਼ਨ (ਆਰ ਐਂਡ ਆਈ)ਲਈ ਉਸਾਰੂ ਮਾਹੌਲ ਸਿਰਜਣ ਸਬੰਧੀ ਯਤਨ ਕਰਨਗੀਆਂ ਤਾਂ ਜੋ ਮੁਕਾਬਲੇਬਾਜ਼ੀ, ਆਰਥਿਕ ਵਿਕਾਸ ਅਤੇ ਮਿਆਰੀ ਨੌਕਰੀਆਂ ਪੈਦਾ ਕਰਨ ਨੂੰ ਹੁਲਾਰਾ ਦਿੱਤਾ ਜਾ ਸਕੇ। ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਅਤੇ ਇਮਟੈੱਕ ਨੇ ਪਾਣੀ ਦੇ ਮਿਆਰ ਦੀ ਜਾਂਚ ਅਤੇ ਨਿਰੀਖਣ ਲਈ ਸਾਂਝੇ ਤੌਰ ’ਤੇ ਕਈ ਖੇਤਰਾਂ ਦੀ ਪਹਿਚਾਣ ਕੀਤੀ ਹੈ ਅਤੇ ਸੂਬੇ ਭਰ ਵਿੱਚ ਪਾਣੀ ਪ੍ਰਦੂਸ਼ਣ ਨਾਲ ਸਬੰਧਤ ਬਿਮਾਰੀਆਂ ਬਾਰੇ ਤਕਨੀਕੀ ਅਧਿਐਨ ਕਰ ਰਹੇ ਹਨ।ਇਹ ਸਮਝੌਤਾ ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਆਰ.ਕੇ. ਵਰਮਾ ਅਤੇ ਡਾਇਰੈਕਟਰ ਇਮਟੈੱਕ ਡਾ. ਮਨੋਜ ਰਾਜੇ ਵੱਲੋਂ ਸਹੀਬੱਧ ਕੀਤਾ ਗਿਆ ਹੈ ਜਿਸ ਦਾ ਉਦੇਸ਼ ਬਾਇਓਰੈਮੀਡੀਏਸ਼ਨ ਸਮੇਤ ਪਾਣੀ ਦੇ ਮਿਆਰ ਦੀ ਜਾਂਚ ਅਤੇ ਸੁਧਾਰ ਲਈ ਨਵੀਨ ਤੇ ਘੱਟ ਲਾਗਤ ਵਾਲੀਆਂ ਬਾਇਓਸੈਂਸਰ ਅਤੇ ਮਾਇਕ੍ਰੋਬਾਇਅਲ ਤਕਨਾਲੋਜੀ ਅਧਾਰਤ ਤਕਨੀਕਾਂ ਸਬੰਧੀ ਸੂਬੇ ਦੇ ਵਿਸ਼ੇਸ਼ ਪ੍ਰਾਜੈਕਟ ਸ਼ੁਰੂ ਕਰਨਾ ਹੈ।ਜ਼ਿਕਰਯੋਗ ਹੈ ਕਿ ਤੰਦਰੁਸਤ ਪੰਜਾਬ ਮਿਸ਼ਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਸ਼ੁੱਧ ਹਵਾ, ਮਿਆਰੀ ਪਾਣੀ, ਪੋਸ਼ਟਿਕ ਭੋਜਨ ਅਤੇ ਸਿਹਤਮੰਦ ਵਾਤਾਵਰਣ ’ਤੇ ਅਧਾਰਤ ਮਾਪਦੰਡਾਂ ਵਿੱਚ ਸੁਧਾਰ ਕਰਦਿਆਂ ਪੰਜਾਬ ਨੂੰ ਸਭ ਤੋਂ ਸਿਹਤਮੰਦ ਸੂਬਾ ਬਣਾਇਆ ਜਾ ਸਕੇ।ਸ੍ਰੀ ਵਰਮਾ ਨੇ ਦੱਸਿਆ ਕਿ ਰਿਸਰਚ ਅਤੇ ਇਨੋਵੇਸ਼ਨ ਲਈ ਸਹਿਯੋਗ ਦੇਣ ਤੋਂ ਇਲਾਵਾ ਇਮਟੈਕ ਫ਼ਸਲਾਂ ਦੀਆਂ ਬਿਮਾਰੀਆਂ ਦਾ ਪਤਾ ਲਗਾਉਣ ਅਤੇ ਜਾਂਚ ਵਿੱਚ ਵੀ ਸੂਬੇ ਦੀ ਸਹਾਇਤਾ ਕਰੇਗਾ। ਉਨ੍ਹਾਂ ਦੱਸਿਆ ਕਿ ਇਹ ਪੰਜਾਬ ਦੇ ਬਾਹਰ ਸਥਿਤ ਲਾਈਫ਼ ਸਾਇੰਸ ਉਦਯੋਗਾਂ ਅਤੇ ਸਟਾਰਟ-ਅੱਪ ਦੇ ਲਾਭ ਲਈ ਅਤਿ ਆਧੁਨਿਕ ਬੁਨਿਆਦੀ ਢਾਂਚੇ ਦੇ ਨਾਲ ਨਾਲ ਇਸਦੇ ਪ੍ਰਸਤਾਵਿਤ ਹੁਨਰ ਵਿਕਾਸ ਕੇਂਦਰ ਦਾ ਵਿਸਥਾਰ ਵੀ ਕਰੇਗਾ।ਡਾ. ਮਨੋਜ ਰਾਜੇ ਨੇ ਕਿਹਾ ਕਿ ਇਸ ਸਮਝੌਤੇ ਨੂੰ ਸਹੀ ਅਰਥਾਂ ਵਿੱਚ ਲਾਗੂ ਕੀਤਾ ਜਾਵੇਗਾ ਅਤੇ ਪਹਿਲੇ ਕਦਮ ਵਜੋਂ ਇਮਟੈੱਕ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਮਿਲ ਕੇ ਐਂਟੀ-ਮਾਇਕ੍ਰੋਬੀਅਲ ਰਸਿਸਟੈਂਸ, ਜੋ ਕਿ ਸੂਬੇ ਵਿੱਚ ਮਨੁੱਖੀ ਸਿਹਤ ਲਈ ਇੱਕ ਖ਼ਤਰਾ ਹੈ, ਬਾਰੇ ਯੂ.ਕੇ. ਰਿਸਰਚ ਇਨੋਵੇਸ਼ਨ ਨੂੰ ਸਾਂਝੇ ਤੌਰ ’ਤੇ ਪ੍ਰਸਤਾਵ ਦੇਣ ਜਾ ਰਿਹਾ ਹੈ।