ਪਾਕਿ ਨੇ ਜਿਹਾਦੀਆਂ ਨੂੰ ਦਿੱਤੀ ਟਰੇਨਿੰਗ, US ਨੇ ਕੀਤੀ ਫੰਡਿੰਗ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਨੂੰ ਅੱਤਵਾਦ ਵਿਰੁੱਧ ਲੜਾਈ ਵਿਚ ਅਮਰੀਕਾ ਦਾ ਸਾਥ ਦੇਣ ਦੀ ਭਾਰੀ ਕੀਮਤ ਚੁਕਾਉਣੀ ਪਈ ਹੈ। ਇਮਰਾਨ ਨੇ ਕਿਹਾ ਕਿ ਅਮਰੀਕਾ ਨੇ ਅਖੀਰ ਵਿਚ ਅਫਗਾਨਿਸਤਾਨ ਵਿਚ ਆਪਣੀ ਅਸਫਲਤਾ ਦਾ ਦੋਸ਼ ਪਾਕਿਸਤਾਨ ਦੇ ਸਿਰ ਲਗਾ ਦਿੱਤਾ ਜੋ ਕਿ ਸਹੀ ਨਹੀਂ ਹੈ। ਇਕ ਅੰਗਰੇਜ਼ੀ ਸਮਾਚਾਰ ਏਜੰਸੀ ਨੂੰ ਦਿੱਤੇ ਇੰਟਰਵਿਊ ਵਿਚ ਇਮਰਾਨ ਨੇ ਕਬੂਲ ਕੀਤਾ ਕਿ ਸ਼ੀਤ ਯੁੱਧ ਦੌਰਾਨ ਅਫਗਾਨਿਸਤਾਨ ਵਿਚ ਸੋਵੀਅਤ ਸੰਘ ਨਾਲ ਲੜਨ ਲਈ ਪਾਕਿਸਤਾਨ ਨੇ ਹੀ ਜਿਹਾਦੀਆਂ ਨੂੰ ਤਿਆਰ ਕੀਤਾ ਸੀ, ਜਿਸ ਦੀ ਫੰਡਿੰਗ ਅਮਰੀਕਾ ਨੇ ਕੀਤੀ ਸੀ। ਪਰ ਇਕ ਦਹਾਕੇ ਦੇ ਬਾਅਦ ਅਮਰੀਕਾ ਨੇ ਇਨ੍ਹਾਂ ਜਿਹਾਦੀਆਂ ਨੂੰ ਅੱਤਵਾਦੀ ਐਲਾਨ ਕਰ ਦਿੱਤਾ। ਇਮਰਾਨ ਨੇ ਅੱਗੇ ਕਿਹਾ ਕਿ ਜਦੋਂ ਪਾਕਿਸਤਾਨ ਨੇ 9/11 ਹਮਲੇ ਦੇ ਬਾਅਦ ਤਾਲਿਬਾਨ ਵਿਰੁੱਧ ਲੜਾਈ ਵਿਚ ਅਮਰੀਕਾ ਦਾ ਸਾਥ ਦਿੱਤਾ ਤਾਂ ਦੇਸ ਨੂੰ ਉਸ ਦਾ ਵੱਡਾ ਖਮਿਆਜ਼ਾ ਭੁਗਤਣਾ ਪਿਆ। ਜੇਕਰ ਅਸੀਂ 9/11 ਦੇ ਬਾਅਦ ਅੱਤਵਾਦ ਵਿਰੁੱਧ ਅਮਰੀਕੀ ਯੁੱਧ ਵਿਚ ਹਿੱਸਾ ਨਾ ਲੈਂਦੇ ਤਾਂ ਅੱਜ ਅਸੀ ਦੁਨੀਆ ਦੇ ਸਭ ਤੋਂ ਖਤਰਨਾਕ ਦੇਸ਼ ਨਹੀਂ ਹੁੰਦੇ। ਅਫਗਾਨਿਸਤਾਨ ਵਿਚ ਅਮਰੀਕੀ ਹਮਲੇ ‘ਤੇ ਇਮਰਾਨ ਨੇ ਕਿਹਾ,”80 ਦੇ ਦਹਾਕੇ ਵਿਚ ਜਦੋਂ ਸੋਵੀਅਤ ਨੇ ਅਫਗਾਨਿਸਤਾਨ ਵਿਚ ਹਮਲਾ ਕੀਤਾ ਤਾਂ ਉਸ ਦੇ ਵਿਰੁੱਧ ਪਾਕਿਸਤਾਨ ਨੇ ਅਫਗਾਨ ਮੁਜਾਹਿਦੀਨਾਂ ਨੂੰ ਸਿਖਲਾਈ ਦਿੱਤੀ ਅਤੇ ਇਸ ਦੀ ਫੰਡਿੰਗ ਅਮਰੀਕਾ ਦੀ ਜਾਂਚ ਏਜੰਸੀ ਸੀ.ਆਈ.ਏ. ਕਰ ਰਹੀ ਸੀ। ਇਕ ਦਹਾਕੇ ਬਾਅਦ ਜਦੋਂ ਅਮਰੀਕੀ ਅਫਗਾਨਿਸਤਾਨ ਵਿਚ ਆਏ ਤਾਂ ਪਾਕਿਸਤਾਨ ਦੇ ਇਨ੍ਹਾਂ ਸਮੂਹਾਂ ਨੂੰ ਕਿਹਾ ਗਿਆ ਕਿ ਹੁਣ ਅਮਰੀਕਾ ਇੱਥੇ ਆ ਗਿਆ ਹੈ। ਇਸ ਲਈ ਹੁਣ ਇਹ ਜਿਹਾਦ ਨਹੀਂ ਸਗੋਂ ਅੱਤਵਾਦ ਹੈ। ਇਹ ਬਹੁਤ ਵੱਡੀ ਤ੍ਰਾਸਦੀ ਸੀ।”