ਰਿਟਾਇਰਮੈਂਟ ਤੋਂ ਵਾਪਸੀ ਕਰਨ ਵਾਲੇ ਰਾਇਡੂ ਬਣੇ ਹੈਦਰਾਬਾਦ ਟੀਮ ਦੇ ਕਪਤਾਨ

ਤਜ਼ਰਬੇਕਾਰ ਮੱਧ ਕ੍ਰਮ ਦੇ ਬੱਲੇਬਾਜ਼ ਅੰਬਾਤੀ ਰਾਇਡੂ ਨੂੰ ਉਸਦੇ ਸੰਨਿਆਸ ਤੋਂ ਵਾਪਸੀ ਕਰਨ ਤੋਂ ਬਾਅਦ ਘਰੇਲੂ ਹੈਦਰਾਬਾਦ ਕ੍ਰਿਕਟ ਟੀਮ ਦਾ ਕਪਤਾਨ ਬਣਾ ਦਿੱਤਾ ਗਿਆ ਹੈ ਅਤੇ ਉਹ ਇਸ ਮਹੀਨੇ ਸ਼ੁਰੂ ਹੋਣ ਵਾਲੀ ਵਿਜੇ ਹਜ਼ਾਰੇ ਟ੍ਰਾਫੀ ਵਿਚ ਟੀਮ ਅਗਵਾਈ ਕਰਨਗੇ। 33 ਸਾਲਾ ਬੱਲੇਬਾਜ਼ ਰਾਇਡੂ ਨੇ ਆਈ. ਸੀ. ਸੀ. ਵਰਲਡ ਕੱਪ ਲਈ ਭਾਰਤੀ ਟੀਮ ਵਿਚ ਨਹੀਂ ਚੁਣੇ ਜਾਣ ‘ਤੇ ਨਾਰਾਜ਼ਗੀ ਜਤਾਉਂਦਿਆਂ ਕ੍ਰਿਕਟ ਦੇ ਸਾਰੇ ਸਵਰੂਪਾਂ ‘ਚੋਂ ਸੰਨਿਆਸ ਲੈ ਲਿਆ ਸੀ ਪਰ 2 ਹਫਤੇ ਬਾਅਦ ਪਹਿਲਾਂ ਇਸ ‘ਤੇ ਯੂ ਟਰਨ ਲੈਂਦਿਆਂ ਉਸਨੇ ਕਿਹਾ ਕਿ ਹੁਣ ਆਪਣੀ ਘਰੇਲੂ ਟੀਮ ਹੈਦਰਾਬਾਦ ਲਈ ਖੇਡਣਗੇ।ਨਵੰਬਰ 2018 ਵਿਚ ਰਾਇਡੂ ਨੇ ਰਾਸ਼ਟਰੀ ਟੀਮ ਵਿਚ ਸੀਮਤ ਓਵਰਾਂ ਦੇ ਸਵਰੂਪ ‘ਤੇ ਧਿਆਨ ਦੇਣ ਦੇ ਇਰਾਦੇ ਨਾਲ ਫਰਸਟ ਕਲਾਸ ਕ੍ਰਿਕਟ ਤੋਂ ਰਿਟਾਇਰਮੈਂਟ ਲਈ ਸੀ। ਹਾਲਾਂਕਿ ਸੱਟਾਂ ਕਾਰਨ ਉਹ ਭਾਰਤੀ ਟੀਮ ਲਈ ਸੀਮਤ ਓਵਰਾਂ ਦੇ ਸਵਰੂਪ ਵਿਚ ਪ੍ਰਭਾਵਿਤ ਨਹੀਂ ਕਰ ਸਕੇ ਸੀ। ਘਰੇਲੂ ਸੈਸ਼ਨ ਦੀ ਸ਼ੁਰੂਆਤ ਤੋਂ 2 ਹਫਤੇ ਪਹਿਲਾਂ ਹੀ ਰਾਇਡੂ ਨੇ ਘਰੇਲੂ ਸੈਸ਼ਨ ਵਿਚ ਵਾਪਸੀ ਦਾ ਐਲਾਨ ਕਰ ਦਿੱਤਾ ਸੀ ਅਤੇ ਹੈਦਰਾਬਾਦ ਟੀਮ ਦੇ ਚੋਣਕਾਰ ਨੋਏਲ ਡੇਵਿਡ ਨੇ ਉਸਦੀ ਵਾਪਸੀ ਦਾ ਸਵਾਗਤ ਕਦਿਆਂ ਉਸ ਨੂੰ ਟੀਮ ਦੀ ਕਪਤਾਨੀ ਸੌਂਪੀ ਹੈ।ਡੇਵਿਡ ਨੇ ਕਿਹਾ ਕਿ ਰਾਇਡੂ ਅਜੇ ਅਗਲੇ 5 ਸਾਲ ਹੋਰ ਖੇਡ ਸਕਦਾ ਹੈ ਅਤੇ ਹੈਦਰਾਬਾਦ ਟੀਮ ਵਿਚ ਉਸਦਾ ਸਵਾਗਤ ਹੈ। ਰਾਇਡੂ ਨੇ ਵਾਪਸੀ ‘ਤੇ ਕਿਹਾ ਕਿ ਉਸਦਾ ਧਿਆਨ ਹੁਣ ਟੀਮ ਵਿਚ ਨੌਜਵਾਨਾਂ ਨੂੰ ਮੈਂਟਰ ਕਰਨਾ ਹੈ। ਹੁਣ ਸਮਾਂ ਆ ਗਿਆ ਹੈ ਕਿ ਟੀਮ ਵਿਚ ਚੰਗਾ ਮਾਹੌਲ ਤਿਆਰ ਹੋਵੇ ਅਤੇ ਸਾਰੇ ਬਿਨਾ ਦਬਾਅ ਦੇ ਖੇਡਣ। ਸਰਵਸ੍ਰੇਸ਼ਠ ਟੀਮ ਦੀ ਚੋਣ ਹੋਣੀ ਚਾਹੀਦੀ ਹੈ। ਖਿਡਾਰੀਆਂ ਨੂੰ ਆਪਣੀ ਜਗ੍ਹਾ ਬਣਾਉਣ ਲਈ ਮਿਹਨਤ ਕਰਨੀ ਹੋਵੇਗੀ।