January 22, 2025
#ਪੰਜਾਬ

ਵਿਜੀਲੈਂਸ ਨੇ ਅਗਸਤ ਮਹੀਨੇ 8 ਮੁਲਾਜ਼ਮ ਅਤੇ 1 ਪ੍ਰਾਈਵੇਟ ਵਿਅਕਤੀ ਨੂੰ ਰਿਸ਼ਵਤ ਲੈਂਦੇ ਦਬੋਚਿਆ

ਚੰਡੀਗੜ੍ਹ – ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਅਗਸਤ ਮਹੀਨੇ ਦੌਰਾਨ ਕੁੱਲ 9 ਛਾਪੇ ਮਾਰਕੇ 8 ਸਰਕਾਰੀ ਮੁਲਾਜ਼ਮ ਅਤੇ 1 ਪ੍ਰਾਈਵੇਟ ਵਿਅਕਤੀਆਂ ਨੂੰ ਵੱਖ-ਵੱਖ ਕੇਸਾਂ ਵਿਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਜਿਨ੍ਹਾਂ ਵਿਚ ਪੁਲਿਸ ਵਿਭਾਗ ਦੇ 2, ਮਾਲ ਵਿਭਾਗ ਦਾ 1 ਅਤੇ ਹੋਰਨਾਂ ਵੱਖ-ਵੱਖ ਵਿਭਾਗਾਂ ਦੇ 5 ਮੁਲਾਜਮ ਸ਼ਾਮਲ ਹਨ।ਇਸ ਸਬੰਧੀ ਚੀਫ ਡਾਇਰੈਕਟਰ-ਕਮ-ਏ.ਡੀ.ਜੀ.ਪੀ ਵਿਜੀਲੈਂਸ ਬਿਓਰੋ ਪੰਜਾਬ ਬੀ.ਕੇ. ਉਪਲ ਨੇ ਕਿਹਾ ਕਿ ਇਸ ਦੌਰਾਨ ਬਿਓਰੋ ਨੇ ਜਨਤਕ ਸੇਵਾਵਾਂ ਅਤੇ ਹੋਰਨਾਂ ਖੇਤਰਾਂ ਵਿਚ ਭ੍ਰਿਸ਼ਟਾਚਾਰ ਨੂੰ ਰੋਕਣ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ। ਇਸ ਦਿਸ਼ਾ ਵਿਚ ਵਿਜੀਲੈਂਸ ਦੇ ਪੜਤਾਲੀਆ ਅਧਿਕਾਰੀਆਂ ਨੇ ਰਾਜ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਚਲਦੇ ਮੁਕੱਦਮਿਆਂ ਦੌਰਾਨ ਦੋਸ਼ੀਆਂ ਨੂੰ ਨਿਆਂਇਕ ਸਜ਼ਾਵਾਂ ਦਿਵਾਉਣ ਲਈ ਪੁਖਤਾ ਪੈਰਵੀ ਕੀਤੀ।ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਦੌਰਾਨ ਬਿਓਰੋ ਵੱਲੋਂ ਭ੍ਰਿਸ਼ਟਾਚਾਰ ਸਬੰਧੀ 15 ਕੇਸਾਂ ਦੇ ਚਲਾਣ ਵੱਖ-ਵੱਖ ਵਿਸ਼ੇਸ਼ ਅਦਾਲਤਾਂ ਵਿਚ ਪੇਸ਼ ਕੀਤੇ ਗਏ। ਇਸੇ ਦੌਰਾਨ ਭ੍ਰਿਸ਼ਟਾਚਾਰ ਸਬੰਧੀ ਲਗਾਏ ਇਲਜਾਮਾਂ ਦੀ ਪੁਖਤਾ ਪੜਤਾਲ ਲਈ 6 ਵਿਜੀਲੈਂਸ ਪੜਤਾਲਾਂ ਵੀ ਦਰਜ ਕੀਤੀਆਂ ਗਈਆਂ ਅਤੇ ਵਿਜੀਲੈਂਸ ਪੜਤਾਲਾਂ ਦੀ ਜਾਂਚ ਉਪਰੰਤ 5 ਮੁਕੱਦਮੇ ਵੀ ਦਰਜ ਕੀਤੇ ਗਏ।ਹੋਰ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਵਿਜੀਲੈਂਸ ਵਲੋਂ ਦਰਜ ਕੀਤੇ ਕੇਸਾਂ ਦੀ ਸੁਣਵਾਈ ਦੌਰਾਨ ਪਿਛਲੇ ਮਹੀਨੇ ਵੱਖ-ਵੱਖ ਵਿਸ਼ੇਸ਼ ਅਦਾਲਤਾਂ ਨੇ ਦੋ ਮੁਲਜਮਾਂ ਨੂੰ ਸਜਾਵਾਂ ਤੇ ਜੁਰਾਮਨੇ ਕੀਤੇ ਹਨ ਜਿਨ੍ਹਾਂ ਵਿਚ ਜਲੰਧਰ ਵਿਖੇ ਤਾਇਨਾਤ ਏ.ਐਸ.ਆਈ ਕਸ਼ਮੀਰ ਸਿੰਘ ਨੂੰ ਜਲੰਧਰ ਦੀ ਅਦਾਲਤ ਵਲੋਂ 5 ਸਾਲ ਦੀ ਕੈਦ ਅਤੇ ਦੱਸ ਹਜਾਰ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।ਇਸੇ ਤਰ੍ਹਾਂ ਇਕ ਹੋਰ ਭ੍ਰਿਸ਼ਟਾਚਾਰ ਦੇ ਕੇਸ ਵਿਚ ਨਾਰਕੋਟਿਕ ਸੈਲ, ਮੋਗਾ ਵਿਖੇ ਤਾਇਨਾਤ ਏ.ਐਸ.ਆਈ ਬਲਜਿੰਦਰ ਸਿੰਘ ਅਤੇ ਮੁੱਖ ਸਿਪਾਹੀ ਭਜਨ ਸਿੰਘ ਨੂੰ ਮੋਗਾ ਦੀ ਅਦਾਲਤ ਵਲੋਂ 4-4 ਸਾਲ ਦੀ ਕੈਦ ਅਤੇ 5-5 ਹਜਾਰ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।