December 8, 2024

ਸ. ਬਲਬੀਰ ਸਿੰਘ ਸਿੱਧੂ ਵੱਲੋਂ ਪਰਵਾਸੀ ਆਬਾਦੀਆਂ ਲਈ ਤਿੰਨ-ਦਿਨਾ ਪੋਲੀਓ ਟੀਕਾਕਰਨ ਮੁਹਿੰਮ ਦਾ ਆਗਾਜ਼

ਸੂਬੇ ਭਰ ਵਿੱਚ ਤਕਰੀਬਨ 3 ਲੱਖ ਬੱਚਿਆਂ ਦਾ ਕੀਤਾ ਜਾਵੇਗਾ ਟੀਕਾਕਰਨ

ਚੰਡੀਗੜ੍ਹ – ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਰਾਜ ਪੱਧਰੀ ਸਬ-ਨੈਸ਼ਨਲ ਪੋਲੀਓ ਰਾਉਂਡ ਦੀ ਸ਼ੁਰੂਆਤ ਸਿੰਘ ਸਭਾ ਗੁਰੂਦੁਆਰਾ ਸਾਹਿਬ ਬਲੋਂਗੀ (ਮੋਹਾਲੀ) ਤੋਂ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇੱਥੇ ਬਲੋਂਗੀ ਵਿਖੇ ਆਯੋਜਿਤ ਸੂਬਾ ਪੱਧਰੀ ਸਮਾਗਮ ਵਿਖੇ 5 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਈਆਂ। ਇਸ ਦੌਰਾਨ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਭਰ ਵਿੱਚ 0-5 ਸਾਲ ਤੱਕ ਦੀ ਉਮਰ ਦੇ ਲਗਭਗ 10 ਲੱਖ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦਾ ਟੀਚਾ ਹੈ। ਇਸ ਉਦੇਸ਼ ਨੂੰ ਪੂਰਾ ਕਰਨ ਲਈ ਅਤੇ ਘਰ-ਘਰ ਜਾ ਕੇ ਬੱਚਿਆਂ ਨੂੰ ਦਵਾਈ ਪਿਲਾਉਣ ਲਈ 8 ਹਜ਼ਾਰ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਦੀ ਸੁਪਰਵਿਜ਼ਨ ਕਰਨ ਲਈ 800 ਸੁਪਰਵਾਈਜ਼ਰ ਲਗਾਏ ਗਏ ਹਨ।ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੂਰੇ ਸੰਸਾਰ ਦੀ ਵੱਡੀ ਪ੍ਰਾਪਤੀ ਹੈ ਕਿ ਪੋਲੀਓ ਨੂੰ ਖ਼ਤਮ ਕੀਤਾ ਜਾ ਰਿਹਾ ਹੈ ਅਤੇ ਇਹ ਅੰਤਿਮ ਪੜਾਅ ਵਿੱਚ ਹੈ। ਪਰੰਤੂ ਅਸੀਂ ਜਾਣਦੇ ਹਾਂ ਕਿ ਕੋਈ ਵੀ ਲੜਾਈ ਉਦੋਂ ਤੱਕ ਜਿੱਤੀ ਨਹੀਂ ਜਾ ਸਕਦੀ ਜਦੋਂ ਤੱਕ ਉਸ ਨੂੰ ਜੜ੍ਹ ਤੋਂ ਖਤਮ ਨਾ ਕਰ ਦਿੱਤਾ ਜਾਵੇ। ਜਿੱਥੇ ਪੂਰੇ ਸੰਸਾਰ ਵਿੱਚ ਪੋਲਿਓ ਨੂੰ ਮੁਕਤ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਉਥੇ ਪਾਕਿਸਤਾਨ ਤੇ ਅਫਗਾਨੀਸਤਾਨ ਵਰਗੇ ਦੇਸ਼ ਹਾਲੇ ਵੀ ਪੋਲਿਓ ਦੀ ਸਮੱਸਿਆ ਨਾਲ ਜੂਝ ਰਹੇ ਹਨ। ਸ. ਬਲਬੀਰ ਸਿੰਘ ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਆਪਣੇ ਬੱਚਿਆਂ ਦਾ ਟੀਕਾਕਰਨ ਕਰਵਾਉਣ। ਉਨ੍ਹਾਂ ਦੱਸਿਆ ਕਿ 27 ਮਾਰਚ, 2014 ਨੂੰ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੇ ਭਾਰਤ ਨੂੰ ਪੋਲੀਓ ਮੁਕਤ ਦੇਸ਼ ਘੋਸ਼ਿਤ ਕੀਤਾ ਹੈ।ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿ ਸਰਕਾਰ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ, ਉਨ੍ਹਾਂ ਕਿਹਾ ਕਿ ਇਸ ਮੁਹਿੰਮ ਅਧੀਨ ਸੂਬੇ ਦੇ ਹਰੇਕ ਬੱਚੇ ਦਾ ਟੀਕਾਕਰਨ ਕੀਤਾ ਜਾਵੇ। ਉਨ੍ਹਾਂ ਸੂਬੇ ਨੂੰ ਪੋਲੀਓ ਮੁਕਤ ਰੱਖਣ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਵਲੰਟੀਅਰਾਂ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ।ਇਸ ਮੌਕੇ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਡਾ. ਅਵਨੀਤ ਕੌਰ, ਰਾਜ ਟੀਕਾਕਰਨ ਅਫ਼ਸਰ ਡਾ. ਜੀ.ਬੀ. ਸਿੰਘ, ਸਿਵਲ ਸਰਜਨ ਮੁਹਾਲੀ ਡਾ. ਮਨਜੀਤ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨਾ ਜਰੇਵਾਲ, ਐਸਐਮਓ ਡਾ. ਕੁਲਜੀਤ ਕੌਰ, ਮਨਜੀਤ ਸਿੰਘ, ਕੁਲਦੀਪ ਸਿੰਘ, ਬਲਬੀਰ ਸਿੰਘ, ਬੀਰ ਸਿੰਘ ਬਾਜਵਾ, ਨਿਰਮਲਜੀਤ ਸਿੰਘ ਤੇ ਹੋਰ ਵਿਅਕਤੀ ਮੌਜੂਦ ਸਨ।