ਮਲਾਲਾ ਨੇ ਸੰਯੁਕਤ ਰਾਸ਼ਟਰ ਨੂੰ ਕਸ਼ਮੀਰ ’ਚ ਸ਼ਾਂਤੀ ਲਿਆਉਣ ਦੀ ਅਪੀਲ ਕੀਤੀ

ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਅਤੇ ਪਾਕਿਸਤਾਨ ਦੀ ਸਿੱਖਿਆ ਅਧਿਕਾਰਾਂ ਬਾਰੇ ਕਾਰਕੁਨ ਮਲਾਲਾ ਯੂਸਫ਼ਜ਼ਈ ਨੇ ਵਾਦੀ ’ਚ ਤਣਾਅ ਭਰੇ ਮਾਹੌਲ ਵਿਚਕਾਰ ਸੰਯੁਕਤ ਰਾਸ਼ਟਰ ਨੂੰ ਕਸ਼ਮੀਰ ’ਚ ਸ਼ਾਂਤੀ ਲਿਆਉਣ ਅਤੇ ਬੱਚਿਆਂ ਨੂੰ ਦੁਬਾਰਾ ਸਕੂਲ ਭੇਜਣ ’ਚ ਸਹਾਈ ਹੋਣ ਦੀ ਅਪੀਲ ਕੀਤੀ ਹੈ।ਸਭ ਤੋਂ ਛੋਟੀ ਉਮਰ ਦੀ ਨੋਬੇਲ ਪੁਰਸਕਾਰ ਜੇਤੂ ਯੂਸਫ਼ਜ਼ਈ ਨੇ ਸ਼ਨਿਚਰਵਾਰ ਨੂੰ ਟਵੀਟ ਕਰਕੇ ਕਿਹਾ,‘‘ਮੈਂ ਸੰਯੁਕਤ ਰਾਸ਼ਟਰ ਆਮ ਸਭਾ ਦੇ ਆਗੂਆਂ ਅਤੇ ਹੋਰਾਂ ਨੂੰ ਕਸ਼ਮੀਰ ’ਚ ਸ਼ਾਂਤੀ ਲਿਆਉਣ ਦੀ ਦਿਸ਼ਾ ’ਚ ਕੰਮ ਕਰਨ, ਕਸ਼ਮੀਰੀਆਂ ਦੀ ਆਵਾਜ਼ ਸੁਣਨ ਅਤੇ ਬੱਚੇ ਸੁਰੱਖਿਅਤ ਸਕੂਲ ਪਰਤ ਸਕਣ, ਇਸ ’ਚ ਮਦਦ ਕਰਨ ਦੀ ਬੇਨਤੀ ਕਰ ਰਹੀ ਹਾਂ।’’ਮਲਾਲਾ (22) ਨੇ ਕਿਹਾ ਕਿ ਉਹ ਇਨ੍ਹਾਂ ਰਿਪੋਰਟਾਂ ਤੋਂ ਫਿਕਰਮੰਦ ਹੈ ਜਿਨ੍ਹਾਂ ’ਚ ਕਿਹਾ ਗਿਆ ਕਿ 40 ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਜਦੋਂ ਬੱਚੇ ਸਕੂਲ ਨਹੀਂ ਜਾ ਸਕੇ ਹਨ ਅਤੇ ਲੜਕੀਆਂ ਘਰਾਂ ਤੋਂ ਬਾਹਰ ਨਿਕਲਣ ’ਚ ਡਰ ਰਹੀਆਂ ਹਨ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਉਹ ਕਸ਼ਮੀਰ ’ਚ ਰਹਿੰਦੀਆਂ ਲੜਕੀਆਂ ਨਾਲ ਸਿੱਧਾ ਰਾਬਤਾ ਕਾਇਮ ਕਰਨਾ ਚਾਹੁੰਦੀ ਹੈ।