ਦਿੱਲੀ ਸਰਕਾਰ ਨੇ ਡੇਂਗੂ ਖ਼ਿਲਾਫ਼ ਵਿੱਢੀ ਮੁਹਿੰਮ
ਨਵੀਂ ਦਿੱਲੀ – ‘10 ਹਫ਼ਤੇ 10 ਵਜੇ 10 ਮਿੰਟ’ ਮੁਹਿੰਮ ਦੇ ਤੀਸਰੇ ਐਤਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਦਾ ਦੌਰਾ ਕੀਤਾ ਤਾਂ ਜੋ ਇਹ ਵੇਖਣ ਲਈ ਕਿ ਲੋਕ ਡੇਂਗੂ ਵਿਰੁੱਧ ਲੜਾਈ ਵਜੋਂ ਸਾਫ਼ ਸੁਥਰੇ ਪਾਣੀ ਲਈ ਆਪਣੇ ਘਰਾਂ ਦਾ ਮੁਆਇਨਾ ਕਰ ਰਹੇ ਹਨ ਜਾਂ ਨਹੀਂ। ਮੁੱਖ ਮੰਤਰੀ ਨੇ ਆਪਣੇ ਹਲਕੇ ਕੋਹਾਟ ਐਨਕਲੇਵ, ਬੁੜਾਰੀ ਦੇ ਗੋਲ ਬਾਜ਼ਾਰ ਖੇਤਰ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਸਾਰੀ ਦਿੱਲੀ ਉਨ੍ਹਾਂ ਦੇ ਪਰਿਵਾਰ ਵਰਗੀ ਹੈ। ਜਿਵੇਂ ਉਹ ਆਪਣੇ ਪਰਿਵਾਰ ਦੀ ਦੇਖਭਾਲ ਕਰਦੇ ਹਨ ਉਹ ਦਿੱਲੀ ਦੇ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਬਾਰੇ ਚਿੰਤਤ ਹਨ। ਇਸ ਲਈ ਹੀ ਉਹ ਲੋਕਾਂ ਨੂੰ ਡੇਂਗੂ ਤੋਂ ਬਚਾਉਣ ਲਈ ਇਹ ਮੈਗਾ ਡਰਾਈਵ ਚਲਾ ਰਹੇ ਹਨ। ਗੋਲ ਬਾਜ਼ਾਰ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ 2015 ’ਚ 15,000 ਲੋਕਾਂ ਨੂੰ ਡੇਂਗੂ ਹੋਇਆ ਸੀ ਤੇ 60 ਲੋਕ ਆਪਣੀ ਜਾਨ ਗੁਆ ਚੁੱਕੇ ਸਨ। ਸਾਲ 2018 ’ਚ ਦਿੱਲੀ ’ਚ ਸਿਰਫ 2,700 ਕੇਸ ਹੋਏ ਸਨ। ਉਨ੍ਹਾਂ ਡਾਕਟਰਾਂ ਦੁਆਰਾ ਚੇਤਾਵਨੀ ਦਿੱਤੀ ਗਈ ਸੀ ਕਿ ਇਸ ਸਾਲ ਮਾਮਲਿਆਂ ’ਚ ਅਚਾਨਕ ਵਾਧਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਡੇਂਗੂ ਦਾ ਫੈਲਣਾ 3-4 ਸਾਲਾਂ ਦੇ ਚੱਕਰ ਦੇ ਬਾਅਦ ਚਲਦਾ ਹੈ।ਉਹ ਨਹੀਂ ਚਾਹੁੰਦੇ ਕਿ ਦਿੱਲੀ ਮਹਾਂਮਾਰੀ ਦਾ ਸ਼ਿਕਾਰ ਹੋਏ। ਇਹੀ ਕਾਰਨ ਹੈ ਕਿ ਡੇਂਗੂ ਵਿਰੁੱਧ ਇਹ ‘ਮੈਗਾ ਡਰਾਈਵ’ ਸ਼ੁਰੂ ਕੀਤੀ ਗਈ ਹੈ। ਮੁਹਿੰਮ ਦੇ ਪ੍ਰਭਾਵਾਂ ’ਤੇ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇਸ ਸਾਲ ਡੇਂਗੂ ਦੇ ਮਾਮਲਿਆਂ ਵਿੱਚ ਭਾਰੀ ਕਮੀ ਆਈ ਹੈ।