ਅੰਤਰਰਾਸ਼ਟਰੀ ਨਗਰ ਕੀਰਤਨ ਹੈਦਰਾਬਾਦ ਤੋਂ ਬਿਦਰ ਲਈ ਹੋਇਆ ਰਵਾਨਾ

ਅੰਮ੍ਰਿਤਸਰ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਕੀਤਾ ਗਿਆ ਅੰਤਰਰਾਸ਼ਟਰੀ ਨਗਰ ਕੀਰਤਨ ਅੱਜ ਗੁਰਦੁਆਰਾ ਬ੍ਰਹਮਬਾਲਾ ਸਾਹਿਬ ਸਿੱਖ ਛਾਉਣੀ ਹੈਦਰਾਬਾਦ ਤੋਂ ਗੁਰਦੁਆਰਾ ਸ੍ਰੀ ਨਾਨਕ ਝੀਰਾ ਸਾਹਿਬ ਬਿਦਰ (ਕਰਨਾਟਕ) ਲਈ ਰਵਾਨਾ ਹੋ ਗਿਆ। ਇਸ ਤੋਂ ਪਹਿਲਾਂ ਬੀਤੇ ਕੱਲ੍ਹ ਨਗਰ ਕੀਰਤਨ ਦਾ ਹੈਦਰਾਬਾਦ ਪੁੱਜਣ ’ਤੇ ਸੰਗਤ ਨੇ ਜੋਸ਼ੋ-ਖਰੋਸ਼ ਨਾਲ ਸਵਾਗਤ ਕੀਤਾ। ਖੂਬਸੂਰਤ ਸਵਾਗਤੀ ਗੇਟ, ਸੁੰਦਰ ਲੜੀਆਂ ਅਤੇ ਦੀਪਮਾਲਾ ਕੀਤੀ ਗਈ। ਸੰਗਤਾਂ ਦੀ ਟਹਿਲ ਸੇਵਾ ਲਈ ਲੰਗਰ ਵੀ ਲਗਾਏ ਗਏ। ਹੈਦਰਾਬਾਦ ਤੋਂ ਰਵਾਨਗੀ ਸਮੇਂ ਧਾਰਮਿਕ ਦੀਵਾਨ ਵਿਚ ਰਾਗੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਨੇ ਕਥਾ ਵਿਚਾਰਾਂ ਕੀਤੀਆਂ। ਉਨ੍ਹਾਂ ਗੁਰੂ ਸਾਹਿਬ ਦੇ ਉਪਦੇਸ਼ਾਂ ’ਤੇ ਚੱਲਣ ਦੀ ਅਪੀਲ ਕਰਦਿਆਂ 550ਵੇਂ ਪ੍ਰਕਾਸ਼ ਪੁਰਬ ਦੀ ਸੰਗਤ ਨੂੰ ਵਧਾਈ ਦਿੱਤੀ। ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਪ੍ਰਤਾਪ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤਰਫੋਂ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਸਮਾਗਮਾਂ ਵਿਚ ਸ਼ਮੂਲੀਅਤ ਦਾ ਸੱਦਾ ਦਿੱਤਾ। ਉਨ੍ਹਾਂ ਹੈਦਰਾਬਾਦ ਦੀ ਸੰਗਤ ਅਤੇ ਸਥਾਨਕ ਪ੍ਰਬੰਧਕਾਂ ਦਾ ਸੁਚੱਜੇ ਪ੍ਰਬੰਧ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਆਈ.ਪੀ.ਐਸ. ਅਧਿਕਾਰੀ ਸ੍ਰੀਮਤੀ ਤੇਜਦੀਪ ਕੌਰ, ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਵਿਚ ਸ. ਹਰਬੰਸ ਸਿੰਘ, ਸ. ਭਾਗ ਸਿੰਘ, ਸ. ਸੁਖਦੇਵ ਸਿੰਘ, ਸ. ਰਣਵੀਰ ਸਿੰਘ, ਸ. ਸਤਨਾਮ ਸਿੰਘ, ਸ. ਗੁਰਜੀਤ ਸਿੰਘ, ਸ. ਗੁਰਮੀਤ ਸਿੰਘ ਅਤੇ ਨਗਰ ਕੀਰਤਨ ਨਾਲ ਸੇਵਾ ਨਿਭਾ ਰਹੇ ਵਧੀਕ ਮੈਨੇਜਰ ਸ. ਪਰਮਜੀਤ ਸਿੰਘ, ਸੁਪਰਵਾਈਜ਼ਰ ਸ. ਰਜਵੰਤ ਸਿੰਘ, ਸ. ਬਖ਼ਸ਼ੀਸ਼ ਸਿੰਘ, ਸ. ਗੁਰਲਾਲ ਸਿੰਘ ਅਤੇ ਹੋਰ ਹਾਜ਼ਰ ਸਨ।