ਡੀਜੀਪੀ ਪੰਜਾਬ ਦਿਨਕਰ ਗੁਪਤਾ ਵੱਲੋਂ ਸੀਐਸਆਰ ਰੈਡੀ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ
ਆਂਦਰਾ ਪ੍ਰਦੇਸ਼ ਵਿੱਚ ਰੈਡੀ ਦੇ ਜੱਦੀ ਪਿੰਡ’ਚ ਹੋਵੇਗਾ ਅੰਤਿਮ ਸੰਸਕਾਰ
ਚੰਡੀਗੜ – ਡੀ.ਜੀ.ਪੀ ਦਿਨਕਰ ਗੁਪਤਾ ਵੱਲੋਂ ਪੰਜਾਬ ਕਾਡਰ ਦੇ ਸੀਨੀਅਰ ਆਈ.ਪੀ.ਐਸ ਅਫ਼ਸਰ ਸੀ.ਐਸ.ਆਰ ਰੈਡੀ ਦੇ ਅਚਾਨਕ ਹੋਏ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸ੍ਰੀ ਰੈਡੀ ਨੇ ਸੰਖੇਪ ਜਿਹੀ ਬਿਮਾਰੀ ਦੇ ਚਲਦਿਆਂ ਰੇਲਾ ਇੰਸਟੀਚਿਊਟ ਐਂਡ ਮੈਡੀਕਲ ਸੈਂਟਰ, ਚੇਨੰਈ ਵਿੱਚ ਆਪਣੇ ਆਖ਼ਰੀ ਸਾਹ ਲਏ।ਉਹ ਡੀਜੀਪੀ ਇਨਵੈਸਟੀਗੇਸ਼ਨ, ਲੋਕਪਾਲ ਪੰਜਾਬ ਦਾ ਅਹੁਦਾ ਸੰਭਾਲ ਰਹੇ ਸਨ। ਪਹਿਲਾਂ ਉਹ ਚੰਡੀਗੜ ਵਿੱਚ ਜ਼ੇਰੇ-ਇਲਾਜ ਸਨ ਪਰ ਅਗਸਤ ਦੇ ਮਹੀਨੇ ਵਿੱਚ ਉਨਾਂ ਨੂੰ ਅਗਲੇਰੇ ਇਲਾਜ ਲਈ ਚੇਨੰਈ ਦੇ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ।ਇੱਕ ਸੋਗ ਸੰਦੇਸ਼ ਵਿੱਚ ਡੀਜੀਪੀ ਨੇ ਕਿਹਾ ਕਿ ਸੀਐਸਆਰ ਰੈਡੀ ਜੋਸ਼ੀਲੇ, ਇਮਾਨਦਾਰ , ਸਮਰਪਿਤ ਤੇ ਬਹਾਦਰ ਪੁਲਿਸ ਅਧਿਕਾਰੀ ਸਨ ਜਿਨਾਂ ਨੇ ਪੂਰੀ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ। ਉਨਾਂ ਵੱਲੋਂ 3 ਦਹਾਕਿਆਂ ਤੱਕ ਪੁਲਿਸ ਲਈ ਦਿੱਤਾ ਗਿਆ ਅਣਮੁੱਲਾ ਯੋਗਦਾਨ ਨਵੇਂ ਪੁਲਿਸ ਅਫ਼ਸਰਾਂ ਲਈ ਪ੍ਰੇਰਣਾ ਦਾ ਸਰੋਤ ਬਣਿਆ ਰਹੇਗਾ। ਇਸਦੇ ਨਾਲ ਪੰਜਾਬ ਆਈਪੀਐਸ ਅਫ਼ਸਰ ਐਸੋਸੀਏਸ਼ਨ ਨੇ ਵੀ ਸ੍ਰੀ ਰੈਡੀ ਦੀ ਮੌਤ ਦੁਖ ਪ੍ਰਗਟਾਇਆ ਅਤੇ ਵਿੱਛੜੀ ਰੂਹ ਨੂੰ ਈਸ਼ਵਰ ਦੇ ਚਰਨਾਂ ਵਿੱਚ ਨਿਵਾਸ ਲਈ ਅਰਦਾਸ ਵੀ ਕੀਤੀ ।ਪਰਿਵਾਰਕ ਮੈਂਬਰਾਂ ਮੁਤਾਬਕ ਸ੍ਰੀ ਰੈਡੀ ਦਾ ਅੰਤਿਮ ਸੰਸਕਾਰ 19 ਸਤੰਬਰ ਨੂੰ ਸਵੇਰੇ 11 ਵਜੇ ਆਂਦਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲੇ ‘ਚ ਸਥਿਤ ਉਨਾਂ ਦੇ ਜੱਦੀ ਪਿੰਡ ਅੱਲਾਗਡਾ ਵਿੱਚ ਕੀਤਾ ਜਾਵੇਗਾ। ਇਹ ਸਥਾਨ ਹੈਦਾਰਾਬਾਦ ਤੋਂ 260 ਕਿਲੋਮੀਟਰ ਦੀ ਦੂਰੀ ‘ਤੇ ਹੈ ਅਤੇ ਇਥੇ ਪਹੁੰਚਣ ਲਈ ਸਾਢੇ ਚਾਰ ਘੰਟੇ ਦਾ ਸਮਾਂ ਲਗਦਾ ਹੈ।