January 15, 2025
#ਖੇਡਾਂ

ਦੱ. ਅਫਰੀਕਾ ਤੇ ਬੜ੍ਹਤ ਬਣਾਉਣ ਉਤਰੇਗਾ ਭਾਰਤ

ਧਰਮਸ਼ਾਲਾ ‘ਚ ਪਹਿਲਾ ਮੈਚ ਮੀਂਹ ਦੀ ਭੇਂਟ ਚੜ੍ਹਨ ਤੋਂ ਬਾਅਦ ਭਾਰਤ ਬੁੱਧਵਾਰ ਨੂੰ ਇੱਥੇ ਦੱਖਣ ਅਫਰੀਕਾ ਖਿਲਾਫ ਦੂਜੇ ਟੀ20 ਅੰਤਰਰਾਸ਼ਟਰੀ ਕ੍ਰਿਕਟ ਮੈਚ ‘ਚ ਜਿੱਤ ਦੇ ਨਾਲ ਤਿੰਨ ਮੈਚਾਂ ਦੀ ਸੀਰੀਜ਼ ‘ਚ ਵਾਧੇ ਬਣਾਉਣ ਦੇ ਇਰਾਦੇ ਨਾਲ ਉਤਰੇਗਾ। ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਲਈ ਵੀ ਇਹ ਮੈਚ ਕਾਫ਼ੀ ਮਹਤਵਪੂਰਨ ਹੋਵੇਗਾ ਕਿਉਂਕਿ ਪਿਛਲੇ ਕੁਝ ਮੈਚਾਂ ‘ਚ ਉਹ ਮੌਕਿਆਂ ਦਾ ਫਾਇਦਾ ਚੁੱਕਣ ‘ਚ ਨਾਕਾਮ ਰਹੇ ਹਨ ਅਤੇ ਉਨ੍ਹਾਂ ‘ਤੇ ਬਿਹਤਰ ਪ੍ਰਦਰਸ਼ਨ ਕਰਨ ਦਾ ਦਬਾਅ ਵਧਦਾ ਜਾ ਰਿਹਾ ਹੈ। ਅਗਲੇ ਸਾਲ ਹੋਣ ਵਾਲੇ ਟੀ20 ਵਰਲਡ ਕੱਪ ‘ਚ ਹੁਣ ਵੀ 12 ਮਹੀਨਿਆਂ ਤੋਂ ਜ਼ਿਆਦਾ ਦਾ ਸਮਾਂ ਬਾਕੀ ਹੈ ਪਰ ਕਪਤਾਨ ਵਿਰਾਟ ਕੋਹਲੀ ਪਹਿਲਾਂ ਹੀ ਆਪਣੀ ਯੋਜਨਾ ਬਣਾ ਚੁੱਕੇ ਹਨ ਅਤੇ ਉਨ੍ਹਾਂ ਨੇ ਦੱਸ ਦਿੱਤਾ ਹੈ ਕਿ ਉਨ੍ਹਾਂ ਨੂੰ ਟੀਮ ‘ਚ ਸ਼ਾਮਲ ਨੌਜਵਾਨਾਂ ਤੋਂ ਕੀ ਉਮੀਦਾਂ ਹਨ। ਕਪਤਾਨ ਨੇ ਸਾਫ਼ ਕਰ ਦਿੱਤਾ ਹੈ ਕਿ ਜਦੋਂ ਉਹ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਲਈ ਉਤਰੇ ਸਨ ਤਾਂ ਉਨ੍ਹਾਂ ਨੇ ਜ਼ਿਆਦਾ ਮੌਕੇ ਮਿਲਣ ਦੀ ਉਮੀਦ ਨਹੀਂ ਕੀਤੀ ਸੀ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਮੌਜੂਦਾ ਨੌਜਵਾਨ ਖਿਡਾਰੀਆਂ ਨੂੰ ਵੀ ਸੀਮਿਤ ਮੌਕਿਆਂ ‘ਚ ਆਪਣੇ ਆਪ ਨੂੰ ਸਾਬਤ ਕਰਨਾ ਹੋਵੇਗਾ। ਇਨਾਂ ਖਿਡਾਰੀਆਂ ‘ਚ 21 ਸਾਲ ਦੇ ਪੰਤ ਵੀ ਸ਼ਾਮਿਲ ਹਨ ਪਰ ਫਰਵਰੀ 2017 ‘ਚ ਡੈਬਿਊ ਦੇ ਕਾਰਨ ਉਹ ਸਮਰੱਥ ਅਨੁਭਵ ਹਾਸਲ ਕਰ ਚੁੱਕੇ ਹੈ।