January 12, 2025
#ਦੇਸ਼ ਦੁਨੀਆਂ

ਹਿੰਦੂ ਕੁੜੀ ਦੇ ਕਤਲ ਦੇ ਰੋਸ ਚ ਕਰਾਚੀ ਚ ਵਿਰੋਧ ਪ੍ਰਦਰਸ਼ਨ

ਪਾਕਿਸਤਾਨ ਵਿਚ ਰਹਿਣ ਵਾਲੇ ਘੱਟ ਗਿਣਤੀ ਵਰਗ ਖੁਦ ‘ਤੇ ਹੋ ਰਹੇ ਅੱਤਿਆਚਾਰਾਂ ਕਾਰਨ ਬਦ ਤੋਂ ਵੱਧ ਬੁਰੀ ਜ਼ਿੰਦਗੀ ਜਿਊਣ ਨੂੰ ਮਜਬੂਰ ਹਨ, ਖਾਸ ਤੌਰ ‘ਤੇ ਹਿੰਦੂਆਂ ਅਤੇ ਸਿੱਖ ਲੜਕੀਆਂ ‘ਤੇ ਆਏ ਦਿਨ ਹਮਲੇ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਅਗਵਾਹ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿਚ ਇੱਕ ਹਿੰਦੂ ਲੜਕੀ ਨਿਮਰਤਾ ਚਾਂਦਨੀ ਦੀ ਹੱਤਿਆ ਕਰ ਦਿੱਤੀ ਗਈ । ਅਜਿਹਾ ਮੰਨਿਆ ਜਾ ਰਿਹਾ ਹੈ ਇਹ ਹੱਤਿਆ ਜਬਰਨ ਧਰਮ ਤਬਦੀਲੀ ਦੀ ਵਜ੍ਹਾ ਨਾਲ ਹੋਈ ਹੈ। ਉਸ ਦੇ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਾਈ ਹੈ ਤੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਡੂੰਘਾਈ ਤਕ ਜਾਂਚ ਹੋਵੇ। ਕਰਾਚੀ ‘ਚ ਮੰਗਲਵਾਰ ਨੂੰ ਲੋਕਾਂ ਨੇ ਪ੍ਰਦਰਸ਼ਨ ਕਰਕੇ ਪਾਕਿਸਤਾਨ ਸਰਕਾਰ ਖਿਲਾਫ ਭੜਾਸ ਕੱਢੀ ਤੇ ਕਿਹਾ ਕਿ ਇੱਥੇ ਲਗਾਤਾਰ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਲੋਕਾਂ ਨੇ ‘ਨਿਮਰਤਾ ਨੂੰ ਇਨਸਾਫ ਦਿਓ’ ਤੇ ‘ਹੁਣ ਹੋਰ ਗੁੰਡਾਗਰਦੀ ਸਹਿਣ ਨਹੀਂ ਕਰ ਸਕਦੇ’ ਦੇ ਨਾਅਰੇ ਲਗਾ ਕੇ ਆਪਣਾ ਦਰਦ ਦੱਸਿਆ।ਜ਼ਿਕਰਯੋਗ ਹੈ ਕਿ ਨਿਮਰਤਾ ਚਾਂਦਨੀ ਮੀਰਪੁਰ ਮਥੇਲੋ ਦੀ ਰਹਿਣ ਵਾਲੀ ਸੀ। ਇਸ ਥਾਂ ‘ਤੇ ਐਤਵਾਰ ਨੂੰ ਇਕ ਮੰਦਰ ਸਮੇਤ ਕਈ ਇਮਾਰਤਾਂ ਦੀ ਤੋੜ-ਭੰਨ ਹੋਈ ਸੀ। ਉਕਤ ਘਟਨਾਵਾਂ ਸਬੰਧੀ 218 ਦੰਗਾਕਾਰੀਆਂ ਵਿਰੁੱਧ ਮਾਮਲੇ ਦਰਜ ਕੀਤੇ ਗਏ ਸਨ। ਲੜਕੀ ਦੇ ਭਰਾ ਡਾ.ਵਿਸ਼ਾਲ ਸੁੰਦਰ ਨੇ ਦਾਅਵਾ ਕੀਤਾ ਹੈ ਕਿ ਇਹ ਆਤਮਹੱਤਿਆ ਨਹੀਂ ਸਗੋਂ ਮਰਡਰ ਹੈ। ਨਿਮਰਤਾ ਲਰਕਾਨਾ ਦੇ ਬੀਬੀ ਆਸਿਫਾ ਡੈਂਟਲ ਕਾਲਜ ਵਿਚ ਫਾਇਨਲ ਈਅਰ ਦੀ ਵਿਦਿਆਰਥਣ ਸੀ। ਨਿਮਰਤਾ ਦੀ ਲਾਸ਼ ਹੋਸਟਲ ਦੇ ਕਮਰੇ ਵਿਚ ਚਾਰਪਾਈ ‘ਤੇ ਪਈ ਮਿਲੀ ਅਤੇ ਉਸ ਦੇ ਗਲੇ ਵਿਚ ਰੱਸੀ ਦਾ ਫੰਦਾ ਲੱਗਾ ਮਿਲਿਆ। ਪੁਲਸ ਦੇ ਆਉਣ ‘ਤੇ ਚੌਂਕੀਦਾਰ ਨੇ ਦਰਵਾਜ਼ਾ ਤੋੜਿਆ ਅਤੇ ਅੰਦਰ ਨਿਮਰਤਾ ਦੀ ਲਾਸ਼ ਮਿਲੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਘਟਨਾ ਸਥਲ ‘ਤੇ ਅਜਿਹੇ ਸਬੂਤ ਮਿਲੇ ਹਨ ਜਿਸ ਤੋਂ ਲੱਗਦਾ ਹੈ ਕਿ ਉਸ ਨੇ ਆਪਣੀ ਜਾਨ ਬਚਾਉਣ ਲਈ ਕਾਫ਼ੀ ਸੰਘਰਸ਼ ਕੀਤਾ।