March 27, 2025
#ਦੇਸ਼ ਦੁਨੀਆਂ

ਅਫਗਾਨਿਸਤਾਨ ਚ ਤਾਲਿਬਾਨ ਵਲੋਂ ਹਮਲਾ ਨਿੰਦਣਯੋਗ : ਪੋਂਪੀਓ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਅਫਗਾਨਿਸਤਾਨ ‘ਚ ਹੋਏ ਅੱਤਵਾਦੀ ਹਮਲਿਆਂ ਦੀ ਨਿੰਦਾ ਕੀਤੀ ਹੈ। ਅਫਗਾਨਿਸਤਾਨ ‘ਚ ਚੋਣਾਂ ਤੋਂ ਪਹਿਲਾਂ ਕਾਬੁਲ ਅਤੇ ਪਰਵਾਨ ਸੂਬੇ ‘ਚ ਮੰਗਲਵਾਰ ਨੂੰ ਹੋਏ ਆਤਮਘਾਤੀ ਬੰਬ ਧਮਾਕਿਆਂ ‘ਚ ਘੱਟ ਤੋਂ ਘੱਟ 48 ਲੋਕਾਂ ਦੀ ਮੌਤ ਹੋ ਗਈ। ਪਹਿਲਾ ਧਮਾਕਾ ਮੱਧ ਪਰਵਾਨ ਸੂਬੇ ‘ਚ ਹੋਇਆ, ਜਿੱਥੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਬਦੁਲ ਗਨੀ ਦੀ ਰੈਲੀ ਚੱਲ ਰਹੀ ਸੀ। ਹਮਲਾਵਰ ਮੋਟਰਸਾਈਕਲ ‘ਤੇ ਆਏ ਅਤੇ ਉਨ੍ਹਾਂ ਨੇ ਰੈਲੀ ਵਾਲੇ ਸਥਾਨ ਦੇ ਨੇੜੇ ਪੁਲਸ ਚੌਕੀ ‘ਚ ਬੰਬ ਲਗਾ ਕੇ ਧਮਾਕਾ ਕਰ ਦਿੱਤਾ, ਜਿਸ ‘ਚ 26 ਲੋਕਾਂ ਦੀ ਮੌਤ ਹੋ ਗਈ ਅਤੇ 42 ਲੋਕ ਜ਼ਖਮੀ ਹੋ ਗਏ। ਕੁੱਝ ਘੰਟਿਆਂ ਮਗਰੋਂ ਮੱਧ ਕਾਬੁਲ ‘ਚ ਅਮਰੀਕੀ ਦੂਤਘਰ ਨੇੜੇ ਧਮਾਕਾ ਕੀਤਾ। ਇਸ ਧਮਾਕੇ ‘ਚ 22 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 38 ਜ਼ਖਮੀ ਹੋ ਗਏ।ਤਾਲਿਬਾਨ ਨੇ ਇਨ੍ਹਾਂ ਦੋਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਤਾਲਿਬਾਨ ਦੇ ਜ਼ਿੰਮੇਵਾਰੀ ਲੈਣ ਮਗਰੋਂ ਪੋਂਪੀਓ ਨੇ ਕਿਹਾ,”ਇਨ੍ਹਾਂ ਹਮਲਿਆਂ ਰਾਹੀਂ ਤਾਲਿਬਾਨ ਨੇ ਅਫਗਾਨਿਸਤਾਨ ਦੀਆਂ ਸੰਸਥਾਵਾਂ ਅਤੇ ਅਫਗਾਨ ਲੋਕਾਂ ਦਾ ਅਪਮਾਨ ਕੀਤਾ ਹੈ।” ਪੋਂਪੀਓ ਨੇ ਕਿਹਾ ਕਿ ਜੇਕਰ ਤਾਲਿਬਾਨ ਅਫਗਾਨਿਸਤਾਨ ਨਾਲ ਅਸਲ ‘ਚ ਸੁਲ੍ਹਾ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਅਫਗਾਨ ਲੋਕਾਂ ਅਤੇ ਉਨ੍ਹਾਂ ਦੇ ਦੇਸ਼ ਨੂੰ ਨੁਕਸਾਨ ਪਹੁੰਚਾਉਣ ਵਾਲੀ ਹਿੰਸਾ ਅਤੇ ਤਬਾਹੀ ਨੂੰ ਜਾਰੀ ਰੱਖਣ ਦੀ ਥਾਂ ਸ਼ਾਂਤੀ ਪ੍ਰਤੀ ਈਮਾਨਦਾਰੀ ਨਾਲ ਆਪਣੀ ਵਚਨਬੱਧਤਾ ਪ੍ਰਗਟਾਉਣੀ ਚਾਹੀਦੀ ਹੈ।