ਮੀਰਾਬਾਈ ਚਾਨੂੰ ਵਿਸ਼ਵ ਵੇਟ ਲਿਫ਼ਟਿੰਗ ਚੈਂਪੀਅਨਸ਼ਿਪ ’ਚ ਤਗ਼ਮੇ ਤੋਂ ਖੁੰਝੀ
![](https://blastingskyhawk.com/wp-content/uploads/2019/09/9-13.jpg)
ਸਾਬਕਾ ਚੈਂਪੀਅਨ ਮੀਰਾਬਾਈ ਚਾਨੂੰ ਨੇ ਆਪਣੇ ਕੌਮੀ ਰਿਕਾਰਡ ਵਿੱਚ ਸੁਧਾਰ ਕੀਤਾ ਪਰ ਉਹ ਵੀਰਵਾਰ ਨੂੰ ਇੱਥੇ ਵਿਸ਼ਵ ਵੇਟ ਲਿਫ਼ਟਿੰਗ ਚੈਂਪੀਅਨਸ਼ਿਪ ਵਿੱਚ ਮਹਿਲਾਵਾਂ ਦੇ 49 ਕਿੱਲੋਗਰਾਮ ਵਰਗ ’ਚ ਤਗ਼ਮਾ ਜਿੱਤਣ ’ਚ ਨਾਕਾਮ ਰਹੀ ਅਤੇ ਉਸ ਨੂੰ ਚੌਥੇ ਸਥਾਨ ਨਾਲ ਹੀ ਸਬਰ ਕਰਨਾ ਪਿਆ। 25 ਸਾਲਾ ਮੀਰਾਬਾਈ ਨੇ ਤਿੰਨੇ ਵਰਗਾਂ ਵਿੱਚ ਆਪਣੇ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ। ਉਸ ਨੇ ਸਨੈਚ ਵਿੱਚ 87 ਕਿੱਲੋ, ਕਲੀਨ ਤੇ ਜਰਕ ’ਚ 114 ਕਿੱਲੋ ਅਤੇ ਇਸ ਤਰ੍ਹਾਂ ਕੁੱਲ 201 ਕਿੱਲੋ ਭਾਰ ਚੁੱਕਿਆ। ਮੀਰਾਬਾਈ ਦਾ ਇਸ ਤੋਂ ਪਹਿਲਾਂ ਦਾ ਕੌਮੀ ਰਿਕਾਰਡ 199 ਕਿੱਲੋ (88 ਅਤੇ 111 ਕਿੱਲੋਗਰਾਮ) ਸੀ ਜੋ ਉਸ ਨੇ ਅਪਰੈਲ ’ਚ ਚੀਨ ਵਿੱਚ ਏਸ਼ਿਆਈ ਚੈਂਪੀਅਨਸ਼ਿਪ ਦੌਰਾਨ ਬਣਾਇਆ ਸੀ। ਚੀਨ ਦੀ ਜਿਆਂਗ ਹੁਈਹੁਆ ਨੇ 212 ਕਿੱਲੋ (94 ਕਿੱਲੋ ਅਤੇ 118 ਕਿੱਲੋ) ਭਾਰ ਚੁੱਕ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਅਤੇ ਸੋਨ ਤਗ਼ਮ ਜਿੱਤਿਆ। ਇਸ ਤੋਂ ਪਹਿਲਾਂ ਦਾ ਰਿਕਾਰਡ ਚੀਨ ਦੀ ਹੀ ਹੋਊ ਝਿਹੂਈ (210 ਕਿੱਲੋ) ਦੇ ਨਾਂ ’ਤੇ ਸੀ। ਝਿਹੂਈ ਨੇ ਇੱਥੇ 211 ਕਿੱਲੋ ਨਾਲ ਚਾਂਦੀ ਤਗ਼ਮਾ ਜਿੱਤਿਆ। ਊੱਤਰ ਕੋਰੀਆ ਦੀ ਰੀ ਸੌਂਗ ਗਮ ਨੇ 204 ਕਿੱਲੋ ਭਾਰ ਚੁੱਕ ਕੇ ਕਾਂਸੀ ਤਗ਼ਮਾ ਹਾਸਲ ਕੀਤਾ। ਮੀਰਾਬਾਈ ਨੇ ਸਨੈਚ ’ਚ 87 ਕਿੱਲੋ ਭਾਰ ਚੁੱਕਣ ਤੋਂ ਬਾਅਦ ਕਲੀਨ ਤੇ ਜਰਕ ਵਿੱਚ 110 ਕਿੱਲੋ ਨਾਲ ਸ਼ੁਰੂਆਤ ਕੀਤੀ ਅਤੇ ਫਿਰ 114 ਕਿੱਲੋ ਭਾਰ ਚੁੱਕਿਆ। ਆਪਣੀ ਤੀਜੀ ਕੋਸ਼ਿਸ਼ ਵਿੱਚ ਹਾਲਾਂਕਿ ਉਹ 118 ਕਿੱਲੋ ਭਾਰ ਨਹੀਂ ਚੁੱਕ ਸਕੀ ਜਿਸ ਕਾਰਨ ਉਸ ਨੂੰ ਨੁਕਸਾਨ ਹੋਇਆ।