September 6, 2024
#ਪ੍ਰਮੁੱਖ ਖ਼ਬਰਾਂ #ਭਾਰਤ

ਮਮਤਾ ਨੇ ਸ਼ਾਹ ਕੋਲ ਐਨਆਰਸੀ ਮਾਮਲਾ ਉਠਾਇਆ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਅਸਾਮ ਵਿਚ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ (ਐਨਆਰਸੀ) ਮਾਮਲਾ ਉਠਾਇਆ। ਤ੍ਰਿਣਮੂਲ ਕਾਂਗਰਸ ਦੀ ਮੁਖੀ ਨੇ ਕਿਹਾ ਕਿ ਇਸ ਸੂਚੀ ਵਿਚੋ ਭਾਰਤੀਆਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ। ਉਨ੍ਹਾਂ ਗ੍ਰਹਿ ਮੰਤਰੀ ਨੂੰ ਸੂਚੀ ਦੀ ਮੁੜ ਪੜਤਾਲ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਹਿੰਦੀ ਤੇ ਬੰਗਾਲੀ ਬੋਲਦੇ ਅਤੇ ਗੋਰਖੇ ਤੇ ਅਸਾਮੀਆਂ ਨੂੰ ਵੀ ਸੂਚੀ ਵਿਚੋਂ ਹਟਾ ਦਿੱਤਾ ਗਿਆ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਉਹ ਇਥੇ ਪੱਛਮੀ ਬੰਗਾਲ ਦਾ ਮੁੱਦਾ ਵਿਚਾਰਨ ਨਹੀਂ ਆਈ ਸਗੋਂ ਅਸਾਮ ਦੇ ਐਨਆਰਸੀ ਮਾਮਲੇ ’ਤੇ ਗੱਲਬਾਤ ਕਰਨ ਆਈ ਹੈ। ਉਨ੍ਹਾਂ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਰਾਜ ਦਾ ਨਾਂ ਬਦਲਣ ਦੀ ਮੰਗ ਕੀਤੀ ਸੀ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕੋਲ ਬਲੌਕ ਦਾ ਉਦਘਾਟਨ ਕਰਨ ਦਾ ਵੀ ਸੱਦਾ ਦਿੱਤਾ।