ਫਿਲਮ ‘ਗੱਲੀ ਬੁਆਏ’ ਦੀ ਆਸਕਰਜ਼ ਲਈ ਚੋਣ
ਜ਼ੋਇਆ ਅਖ਼ਤਰ ਦੀ ਫਿਲਮ ‘ਗੱਲੀ ਬੁਆਏ’ ਦੀ ਆਸਕਰਜ਼ ਦੀ ਅੰਤਰਰਾਸ਼ਟਰੀ ਫੀਚਰ ਫਿਲਮ ਸ਼੍ਰੇਣੀ ਲਈ ਭਾਰਤ ਦੇ ਅਧਿਕਾਰਤ ਦਾਖ਼ਲੇ ਵਜੋਂ ਚੋਣ ਕੀਤੀ ਗਈ ਹੈ। ਇਸ ਸਬੰਧੀ ਐਲਾਨ ਅੱਜ ਫਿਲਮ ਫੈਡਰੇਸ਼ਨ ਆਫ ਇੰਡੀਆ (ਐੱਫਐੱਫਆਈ) ਵਲੋਂ ਕੀਤਾ ਗਿਆ।ਦੇਸ਼ ਭਰ ਵਿੱਚ 14 ਫਰਵਰੀ ਨੂੰ ਰਿਲੀਜ਼ ਹੋਈ ਇਸ ਫਿਲਮ ਵਿੱਚ ਰਣਵੀਰ ਸਿੰਘ ਨੇ ਰੈਪਰ ਬਣਨ ਦੇ ਇੱਛੁਕ ਨੌਜਵਾਨ ਦੀ ਭੂਮਿਕਾ ਨਿਭਾਈ ਹੈ। ਫਿਲਮ ਵਿੱਚ ਆਲੀਆ ਭੱਟ, ਵਿਜੇ ਰਾਜ਼, ਕਾਲਕੀ ਕੋਇਚਲਿਨ, ਸਿਧਾਂਤ ਚਤੁਰਵੇਦੀ, ਵਿਜੇ ਵਰਮਾ ਅਤੇ ਅਮਰੁਤਾ ਸੁਭਾਸ਼ ਨੇ ਵੱਖ ਵੱਖ ਭੂਮਿਕਾਵਾਂ ਨਿਭਾਈਆਂ ਹਨ। ਨਿਰਮਾਤਾ ਰਿਤੇਸ਼ ਸਿੱਧਵਾਨੀ ਅਤੇ ਫਰਹਾਨ ਅਖ਼ਤਰ ਦੀ ਫਿਲਮ ‘ਗੱਲੀ ਬੁਆਏ’ ਵਿੱਚ ਰਣਵੀਰ ਆਪਣਾ ਰੈਪਰ ਬਣਨ ਦਾ ਸੁਪਨਾ ਪੂਰਾ ਕਰਨ ਲਈ ਮੁੰਬਈ ਦੀਆਂ ਗਲੀਆਂ ਵਿੱਚ ਆਪਣੀ ਜ਼ਿੰਦਗੀ ਬਾਰੇ ਰੈਪ ਪੇਸ਼ ਕਰਦਾ ਹੈ। ਐੱਫਐੱਫਆਈ ਦੇ ਸਕੱਤਰ ਜਨਰਲ ਸੁਪਰਨ ਸੇਨ ਨੇ ਦੱਸਿਆ, ‘‘ਇਸ ਸਾਲ ਦੇ ਆਸਕਰਜ਼ ਵਿਚ ਭਾਰਤ ਦਾ ਅਧਿਕਾਰਤ ਦਾਖ਼ਲਾ ‘ਗੱਲੀ ਬੁਆਏ’ ਨਾਲ ਹੋਵੇਗਾ। ਇਸ ਵਰ੍ਹੇ 27 ਫਿਲਮਾਂ ਵਿਚੋਂ ਸਰਬਸੰਮਤੀ ਨਾਲ ‘ਗੱਲੀ ਬੁਆਏ’ ਦੀ ਚੋਣ ਕੀਤੀ ਗਈ ਹੈ।