‘ਸੇਕਰਡ ਗੇਮਜ਼ 2’ ਦੀ ਐਮੀ ਐਵਾਰਡਜ਼ ਨਾਮਜ਼ਦਗੀ ’ਤੇ ਸੈਫ਼ ਬਾਗੋਬਾਗ਼
ਮੁੰਬਈ – ਨੈੱਟਫਲਿਕਸ ’ਤੇ ਰਿਲੀਜ਼ ਹੋਈ ਡਿਜੀਟਲ ਸੀਰੀਜ਼ ‘ਸੇਕਰਡ ਗੇਮਜ਼-2’ ਨੂੰ ਕੌਮਾਂਤਰੀ ਐਮੀ ਐਵਾਰਡਜ਼ ਲਈ ਨਾਮਜ਼ਦ ਕੀਤੇ ਜਾਣ ’ਤੇ ਅਦਾਕਾਰ ਸੈਫ਼ ਅਲੀ ਖ਼ਾਨ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। ਸੈਫ਼ ਇਸ ਸੀਰੀਜ਼ ’ਚ ਪੁਲੀਸ ਅਫ਼ਸਰ ਸਰਤਾਜ ਸਿੰਘ ਦਾ ਕਿਰਦਾਰ ਨਿਭਾ ਰਹੇ ਹਨ। ਅਦਾਕਾਰ ਨੇ ਕਿਹਾ ਹੈ ਕਿ ਸੀਰੀਜ਼ ਇਸ ਨਾਮਜ਼ਦਗੀ ਦੀ ਹੱਕਦਾਰ ਹੈ। ਸਰਵੋਤਮ ਡਰਾਮਾ ਸ਼੍ਰੇਣੀ ’ਚ ਨਾਮਜ਼ਦ ਇਸ ਦੇ ਦੂਜੇ ਹਿੱਸੇ ’ਚ ਸੈਫ਼ ਤੇ ਨਵਾਜ਼ੂਦੀਨ ਸਿੱਦਿਕੀ ਅਹਿਮ ਕਿਰਦਾਰ ਨਿਭਾ ਰਹੇ ਹਨ। ਇਸ ਦੇ ਨਾਲ ਬ੍ਰਾਜ਼ੀਲ, ਜਰਮਨੀ, ਯੂਕੇ ਦੀਆਂ ਤਿੰਨ ਹੋਰ ਸੀਰੀਜ਼ ਨਾਮਜ਼ਦ ਹਨ। ਸੈਫ਼ ਨੇ ਕਿਹਾ ਕਿ ਨੈੱਟਫਲਿਕਸ ਜਿਹੇ ਪਲੇਟਫਾਰਮ ਇਮਾਨਦਾਰੀ ਨਾਲ ਕੌਮਾਂਤਰੀ ਪੱਧਰ ’ਤੇ ਕਹਾਣੀ ਕਹਿਣ ਦਾ ਮਾਦਾ ਰੱਖਦੇ ਹਨ। ਉਨ੍ਹਾਂ ਇਸ ਕਾਮਯਾਬੀ ਦਾ ਸਿਹਰਾ ਪੂਰੀ ਪ੍ਰੋਡਕਸ਼ਨ ਟੀਮ, ਨਿਰਦੇਸ਼ਕਾਂ ਤੇ ਅਦਾਕਾਰਾਂ ਨੂੰ ਦਿੱਤਾ। ਦੱਸਣਯੋਗ ਹੈ ਕਿ ਪੱਗੜੀਧਾਰੀ ਸਰਤਾਜ ਦੇ ਕਿਰਦਾਰ ਲਈ ਸੈਫ਼ ਨੇ ਕਾਫ਼ੀ ਪ੍ਰਸ਼ੰਸਾ ਖੱਟੀ ਹੈ। ਦੂਜੇ ਸੀਜ਼ਨ ਨੂੰ ਅਨੁਰਾਗ ਕਸ਼ਿਯਪ ਤੇ ਨੀਰਜ ਘੇਵਨ ਨੇ ਨਿਰਦੇਸ਼ਿਤ ਕੀਤਾ ਹੈ ਜਦਕਿ ਵਿਕਰਮਾਦਿੱਤਿਆ ਮੋਟਵਾਨੀ ਕਾਰਜਕਾਰੀ ਨਿਰਮਾਤਾ ਹਨ। ‘ਲਸਟ ਸਟੋਰੀਜ਼’ ਨੂੰ ਵੀ ਐਮੀ ਨਾਮਜ਼ਦਗੀ ਮਿਲੀ ਹੈ।