ਲਤਾ ਦੇ ਜਨਮ ਦਿਨ ਮੌਕੇ ਰਿਲੀਜ਼ ਹੋਵੇਗੀ ਪੁਸਤਕ ‘ਦੀਦੀ ਔਰ ਮੈਂ’

ਮੁੰਬਈ – ਜਗਤ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਆਪਣੇ 90ਵੇਂ ਜਨਮ ਦਿਨ ਮੌਕੇ ਭੈਣ ਮੀਨਾ ਮੰਗੇਸ਼ਕਰ ਵੱਲੋਂ ਰਚੀ ਜੀਵਨੀ ‘ਦੀਦੀ ਔਰ ਮੈਂ’ ਦਾ ਹਿੰਦੀ ਤਰਜਮਾ ਰਿਲੀਜ਼ ਕਰੇਗੀ। ਕਿਤਾਬ 29 ਸਤੰਬਰ ਨੂੰ ਉਨ੍ਹਾਂ ਦੇ ਜਨਮ ਦਿਨ ਤੋਂ ਇਕ ਦਿਨ ਬਾਅਦ ਰਿਲੀਜ਼ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਇਹ ਮਰਾਠੀ ਵਿਚ ਛਪ ਚੁੱਕੀ ਹੈ। ਪੁਸਤਕ ਮੀਨਾ ਮੰਗੇਸ਼ਕਰ ਦੇ ਜੀਵਨ ਸਫ਼ਰ ਨੂੰ ਲਤਾ ਦੇ ਸੰਘਰਸ਼ ਤੋਂ ਸਫ਼ਲਤਾ ਤੱਕ ਦੀ ਯਾਤਰਾ ਦੇ ਨਜ਼ਰੀਏ ਤੋਂ ਪੇਸ਼ ਕਰਦੀ ਹੈ। ਇਸ ’ਚ ਲਤਾ ਦੇ 70 ਸਾਲ ਲੰਮੇ ਸੰਗੀਤਕ ਕਰੀਅਰ ਦੇ ਕਈ ਯਾਦਗਾਰੀ ਪਲ ਦਰਜ ਹਨ। ਮੀਨਾ ਨੇ ਕਿਹਾ ਕਿ ‘ਦੀਦੀ ਦੇ 90ਵੇਂ ਜਨਮ ਦਿਨ ਮੌਕੇ ਇਹ ਉਨ੍ਹਾਂ ਵੱਲੋਂ ਤੋਹਫ਼ਾ ਹੈ’। ਉਨ੍ਹਾਂ ਕਿਹਾ ਕਿ ਜ਼ਿੰਦਗੀ ਦੇ ਕੌੜੇ-ਮਿੱਠੇ ਤਜਰਬਿਆਂ ਨੂੰ ਕਿਤਾਬ ਦਾ ਰੂਪ ਦੇਣ ਲਈ ਪੂਰੀ ਵਾਹ ਲਾਈ ਹੈ।