ਮਾਰਿਨ ਨੇ ਚਾਈਨਾ ਓਪਨ ਬੈਡਮਿੰਟਨ ਦਾ ਖ਼ਿਤਾਬ ਜਿੱਤਿਆ

ਸ਼ੰਘਾਈ – ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਕੈਰੋਲੀਨਾ ਮਾਰਿਨ ਨੇ ਕਰੀਅਰ ਦੀ ਸਭ ਤੋਂ ਵੱਡੀ ਸੱਟ ਤੋਂ ਉਭਰਨ ਮਗਰੋਂ ਵਾਪਸੀ ਕਰਦਿਆਂ ਅੱਜ ਆਪਣਾ ਚਾਈਨਾ ਓਪਨ ਖ਼ਿਤਾਬ ਬਰਕਰਾਰ ਰੱਖਿਆ। ਸਪੇਨ ਦੀ ਇਸ ਖਿਡਾਰਨ ਨੇ ਅੱਠ ਮਹੀਨੇ ਮਗਰੋਂ ਵਾਪਸੀ ਕੀਤੀ ਹੈ।ਉਸ ਨੇ ਤਾਇਵਾਨ ਦੀ ਦੂਜਾ ਦਰਜਾ ਪ੍ਰਾਪਤ ਤਾਇ ਜ਼ੁ ਯਿੰਗ ਤੋਂ ਇੱਕ ਗੇਮ ਪੱਛੜਣ ਮਗਰੋਂ 65 ਮਿੰਟ ਵਿੱਚ 14-21, 21-17, 21-18 ਨਾਲ ਜਿੱਤ ਹਾਸਲ ਕੀਤੀ। ਮਾਰਿਨ ਜਿੱਤ ਮਗਰੋਂ ਭਾਵੁਕ ਹੁੰਦਿਆਂ ਕੋਰਟ ਦੇ ਫ਼ਰਸ਼ ’ਤੇ ਬੈਠ ਗਈ. ਹੱਥਾਂ ਵਿੱਚ ਸਿਰ ਲੈਂਦਿਆਂ ਕਿਹਾ, ‘‘ਇਹ ਹੈਰਾਨੀਜਨਕ ਹੈ। ਮੈਂ ਸੋਚਿਆ ਨਹੀਂ ਸੀ ਕਿ ਮੈਂ ਵਾਪਸੀ ਮਗਰੋਂ ਦੂਜੇ ਟੂਰਨਾਮੈਂਟ ਵਿੱਚ ਜਿੱਤ ਦਰਜ ਕਰ ਸਕਾਂਗੀ।’’ ਜਾਪਾਨ ਦੇ ਵਿਸ਼ਵ ਚੈਂਪੀਅਨ ਕੈਂਟੋ ਮੋਮੋਟਾ ਨੇ ਫਾਈਨਲ ਵਿੱਚ ਇੰਡੋਨੇਸ਼ੀਆ ਦੇ ਸੱਤਵਾਂ ਦਰਜਾ ਪ੍ਰਾਪਤ ਐਂਥਨੀ ਸਿਨਿਸੁਕਾ ਜਿਨਟਿੰਗ ਨੂੰ 19-21, 21-17, 21-19 ਨਾਲ ਸ਼ਿਕਸਤ ਦਿੱਤੀ।