ਟੀ-20 ਦੱਖਣੀ ਅਫਰੀਕਾ ਨੇ ਭਾਰਤ ਨਾਲ ਲੜੀ ਬਰਾਬਰ ਕੀਤੀ
ਬੰਗਲੌਰ – ਕਪਤਾਨ ਕੁਇੰਟਨ ਡੀਕੌਕ ਦੇ ਨਾਬਾਦ ਨੀਮ ਸੈਂਕੜੇ ਦੀ ਬਦੌਲਤ ਦੱਖਣੀ ਅਫਰੀਕਾ ਨੇ ਅੱਜ ਇੱਥੇ ਤੀਜੇ ਅਤੇ ਆਖ਼ਰੀ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਭਾਰਤ ਨੂੰ 19 ਗੇਂਦਾਂ ਬਾਕੀ ਰਹਿੰਦਿਆਂ ਨੌਂ ਵਿਕਟਾਂ ਨਾਲ ਕਰਾਰੀ ਹਾਰ ਦੇ ਕੇ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ।ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮੇਜ਼ਬਾਨ ਟੀਮ ਦੇ ਕਿਸੇ ਵੀ ਬੱਲੇਬਾਜ਼ ਨੇ ਟਿਕ ਕੇ ਖੇਡਣ ਦਾ ਯਤਨ ਨਹੀਂ ਕੀਤਾ। ਭਾਰਤੀ ਟੀਮ ਨੌਂ ਵਿਕਟਾਂ ’ਤੇ 134 ਦੌੜਾਂ ਹੀ ਬਣਾ ਸਕੀ। ਕਪਤਾਨ ਡੀਕੌਕ ਨੇ ਇਕ ਵਾਰ ਫਿਰ ਲਾਜਵਾਬ ਪਾਰੀ ਖੇਡਦਿਆਂ 52 ਗੇਂਦਾਂ ਵਿੱਚ ਨਾਬਾਦ 79 ਦੌੜਾਂ ਬਣਾ ਕੇ ਦੱਖਣੀ ਅਫਰੀਕਾ ਦੀ ਜਿੱਤ ਸੌਖੀ ਕਰ ਦਿੱਤੀ। ਦੱਖਣੀ ਅਫਰੀਕਾ ਨੇ 16.5 ਓਵਰਾਂ ਵਿੱਚ ਇੱਕ ਵਿਕਟ ’ਤੇ 140 ਦੌੜਾਂ ਬਣਾਈਆਂ। ਧਰਮਸ਼ਾਲਾ ਵਿੱਚ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ, ਜਦਕਿ ਭਾਰਤ ਨੇ ਮੁਹਾਲੀ ਵਿੱਚ ਦੂਜਾ ਮੈਚ ਸੱਤ ਵਿਕਟਾਂ ਨਾਲ ਜਿੱਤਿਆ ਸੀ।ਭਾਰਤੀ ਬੱਲੇਬਾਜ਼ਾਂ ਨੇ ਲਾਪ੍ਰਵਾਹੀ ਵਾਲੇ ਸ਼ਾਟ ਖੇਡੇ। ਸਲਾਮੀ ਬੱਲੇਬਾਜ਼ ਸ਼ਿਖਰ ਧਵਨ (25 ਗੇਂਦਾਂ ਵਿੱਚ 36 ਦੌੜਾਂ) ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਤਿੰਨ ਹੋਰ ਬੱਲੇਬਾਜ਼ ਦਹਾਈ ਅੰਕ ਤੱਕ ਪਹੁੰਚੇ। ਬਿਊਰਨ ਹੈਂਡਰਿਕਸ (14 ਦੌੜਾਂ ਦੇ ਕੇ ਦੋ ਵਿਕਟਾਂ), ਬਿਊਰਨ ਫੋਰਟੀਨ (19 ਦੌੜਾਂ ਦੇ ਕੇ ਦੋ ਵਿਕਟਾਂ) ਅਤੇ ਕੈਗਿਸੋ ਰਬਾਡਾ (39 ਦੌੜਾਂ ਦੇ ਕੇ ਤਿੰਨ ਵਿਕਟਾਂ) ਨੇ ਭਾਰਤ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ, ਜਦਕਿ ਤਬਰੇਜ ਸ਼ਮਸੀ (23 ਦੌੜਾਂ ਦੇ ਕੇ ਇੱਕ ਵਿਕਟ) ਨੇ ਸ਼ੁਰੂ ਵਿੱਚ ਦੌੜਾਂ ਦੇਣ ਮਗਰੋਂ ਸ਼ਾਨਦਾਰ ਵਾਪਸੀ ਕੀਤੀ। ਭਾਰਤ ਨੇ ਪਹਿਲੇ ਦਸ ਓਵਰਾਂ ਦੇ ਅੰਦਰ ਹੀ ਆਪਣੇ ਤਿੰਨ ਸਰਵੋਤਮ ਬੱਲੇਬਾਜ਼ਾਂ ਰੋਹਿਤ ਸ਼ਰਮਾ (ਅੱਠ ਗੇਂਦਾਂ ’ਤੇ ਨੌਂ ਦੌੜਾਂ), ਧਵਨ ਅਤੇ ਕਪਤਾਨ ਵਿਰਾਟ ਕੋਹਲੀ (15 ਗੇਂਦਾਂ ’ਤੇ ਨੌਂ ਦੌੜਾਂ) ਦੀਆਂ ਵਿਕਟਾਂ ਗੁਆ ਲਈਆਂ। ਇਨ੍ਹਾਂ ਤਿੰਨਾਂ ਵਿੱਚੋਂ ਸਿਰਫ਼ ਧਵਨ ਹੀ ਮਜ਼ਬੂਤ ਬੱਲੇਬਾਜ਼ੀ ਕਰ ਸਕਿਆ।