ਮੋਦੀ ਨੇ ਕਸ਼ਮੀਰੀ ਪੰਡਤਾਂ ਨੂੰ ਨਵੇਂ ਕਸ਼ਮੀਰ ਦੇ ਨਿਰਮਾਣ ਦਾ ਭਰੋਸਾ ਦਿੱਤਾ
ਹਿਊਸਟਨ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਕਸ਼ਮੀਰੀ ਪੰਡਤਾਂ ਦੇ 17 ਮੈਂਬਰੀ ਵਫ਼ਦ ਨਾਲ ਉਚੇਚੇ ਤੌਰ ’ਤੇ ਗੱਲਬਾਤ ਕਰਦਿਆਂ ਉਨ੍ਹਾਂ ਨੂੰ ‘ਨਵੇਂ ਕਸ਼ਮੀਰ ਦੇ ਨਿਰਮਾਣ’ ਦਾ ਭਰੋਸਾ ਦਿੱਤਾ ਜੋ ਹਰ ਕਿਸੇ ਲਈ ਹੋਵੇਗਾ। ਉਨ੍ਹਾਂ ਵਫ਼ਦ ਨੂੰ ਦੱਸਿਆ,‘‘ਕਸ਼ਮੀਰ ’ਚ ਨਵੀਂ ਹਵਾ ਵਹਿ ਰਹੀ ਹੈ।’’ ਉਨ੍ਹਾਂ 30 ਸਾਲਾਂ ਤਕ ਧੀਰਜ ਰੱਖਣ ਲਈ ਕਸ਼ਮੀਰੀ ਪੰਡਤਾਂ ਦਾ ਧੰਨਵਾਦ ਵੀ ਕੀਤਾ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਟਵੀਟ ਕਰਕੇ ਕਿਹਾ ਕਿ ਕਸ਼ਮੀਰੀ ਪੰਡਤਾਂ ਨੇ ਭਾਰਤ ਸਰਕਾਰ ਵੱਲੋਂ ਮੁਲਕ ਦੀ ਤਰੱਕੀ ਲਈ ਉਠਾਏ ਗਏ ਕਦਮਾਂ ਨੂੰ ਆਪਣੀ ਹਮਾਇਤ ਦਿੱਤੀ। ਵਫ਼ਦ ਨੇ ਜੰਮੂ ਕਸ਼ਮੀਰ ’ਚੋਂ ਧਾਰਾ 370 ਹਟਾਉਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ 7 ਲੱਖ ਕਸ਼ਮੀਰੀ ਪੰਡਤ ਉਨ੍ਹਾਂ ਦੀ ਸਰਕਾਰ ਦੇ ਰਿਣੀ ਹਨ। ਉਨ੍ਹਾਂ ਸ੍ਰੀ ਮੋਦੀ ਨੂੰ ਮੰਗ ਪੱਤਰ ਸੌਂਪਦਿਆਂ ਬੇਨਤੀ ਕੀਤੀ ਕਿ ਉਹ ਭਾਈਚਾਰੇ ਨੂੰ ਇਕੱਠਿਆਂ ਕਰਨ, ਖ਼ਿੱਤੇ ਦੇ ਵਿਕਾਸ ਅਤੇ ਕਸ਼ਮੀਰੀ ਪੰਡਤਾਂ ਨੂੰ ਮੁੜ ਵਸਾਉਣ ਲਈ ਭਾਰਤੀ ਗ੍ਰਹਿ ਮੰਤਰਾਲੇ ਹੇਠ ਟਾਸਕ ਫੋਰਸ ਸਥਾਪਤ ਕਰਨ।