ਹਰਿਆਣਾ ਨੇ ਪਟਨਾ ਨੂੰ 39-34 ਨਾਲ ਹਰਾਇਆ
ਵਿਕਾਸ ਕੰਡੋਲਾ (13 ਅੰਕ) ਦੇ ਸ਼ਾਨਦਾਰ ਖੇਡ ਦੇ ਦਮ ‘ਤੇ ਹਰਿਆਣਾ ਸਟੀਲਰਸ ਨੇ ਸੋਮਵਾਰ ਨੂੰ ਪ੍ਰੋ ਕਬੱਡੀ ਲੀਗ ਦੇ ਮੈਚ ‘ਚ ਤਿੰਨ ਵਾਰ ਦੀ ਚੈਂਪੀਅਨ ਪਟਨਾ ਪਾਈਰੇਟਸ ਨੂੰ 39-34 ਨਾਲ ਹਰਾਇਆ। ਹਰਿਆਣਾ ਦੀ ਟੀਮ ਨੇ ਇਸ ਜਿੱਤ ਦੇ ਨਾਲ ਅੰਕ ਸੂਚੀ ‘ਚ ਤੀਜੇ ਸਥਾਨ ਨੂੰ ਮਜ਼ਬੂਤ ਕਰ ਲਿਆ। ਉਸਦੇ ਨਾਂ 17 ਮੈਚ ‘ਚ 59 ਅੰਕ ਹਨ। ਪਟਨਾ ਦੀ ਟੀਮ 18 ਮੈਚ ‘ਚ 39 ਅੰਕਾਂ ਦੇ ਨਾਲ 9ਵੇਂ ਸਥਾਨ ‘ਤੇ ਹੈ।ਪਟਨਾ ਪਾਈਰੇਟਸ ਦੇ ਸਟਾਰ ਖਿਡਾਰੀ ਪ੍ਰਦੀਪ ਨਾਰਵਾਲ ਨੇ 17 ਰੇਡ ਅੰਕ ਬਣਾਏ ਪਰ ਜੰਗ ਕੁਨ ਲੀ (ਸੱਤ ਅੰਕ) ਤੋਂ ਇਲਾਵਾ ਉਸ ਨੂੰ ਕਿਸੇ ਹੋਰ ਖਿਡਾਰੀ ਦਾ ਸਾਥ ਨਹੀਂ ਮਿਲਿਆ। ਹਾਫ ਸਮੇਂ ਤਕ ਹਰਿਆਣਾ ਦੀ ਟੀਮ 17-15 ਨਾਲ ਅੱਗੇ ਸੀ। ਮੈਚ ਖਤਮ ਹੋਣ ਤੋਂ ਤਿੰਨ ਮਿੰਟ ਪਹਿਲਾਂ ਹਰਿਆਣਾ ਨੇ ਪਟਨਾ ਨੂੰ ਆਲਆਊਟ ਕਰ ਆਪਣੀ ਬੜ੍ਹਤ 38-29 ਨਾਲ ਕਰ ਲਈ।