ਜੰਮੂ-ਕਸ਼ਮੀਰ ਚ ਖੋਲ੍ਹੇ ਜਾਣਗੇ ਬੰਦ ਪਏ 50 ਹਜ਼ਾਰ ਮੰਦਰ
ਜੰਮੂ-ਕਸ਼ਮੀਰ ਤੋਂ ਧਾਰਾ 370 ਹਟਣ ਤੋਂ ਬਾਅਦ ਕੇਂਦਰ ਸਰਕਾਰ ਇਕ ਹੋਰ ਵੱਡਾ ਫੈਸਲਾ ਲੈਣ ਦੀ ਤਿਆਰੀ ‘ਚ ਹੈ। ਕੇਂਦਰ ਸਰਕਾਰ ਨੇ ਬੰਦ ਪਏ ਮੰਦਰਾਂ ਅਤੇ ਸਕੂਲਾਂ ਨੂੰ ਲੈ ਕੇ ਇਕ ਸਰਵੇ ਕਰਵਾਉਣ ਦਾ ਆਦੇਸ਼ ਦਿੱਤਾ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਖੋਲ੍ਹਿਆ ਜਾਵੇਗਾ। ਇਹ ਆਦੇਸ਼ ਉਸ ਸਮੇਂ ਆਇਆ ਹੈ, ਜਦੋਂ ਭਾਰਤੀ ਸਮੇਂ ਅਨੁਸਾਰ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ‘ਚ ਕਸ਼ਮੀਰੀ ਪੰਡਤਾਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਤੁਸੀਂ ਬਹੁਤ ਕਸ਼ਟ ਝੱਲੇ ਹਨ। ਸੋਮਵਾਰ ਨੂੰ ਬੈਂਗਲੁਰੂ ‘ਚ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ ਨੇ ਕਿਹਾ,”ਅਸੀਂ ਕਸ਼ਮੀਰ ‘ਚ ਬੰਦ ਸਕੂਲਾਂ ਦੀ ਗਿਣਤੀ ਦਾ ਸਰਵੇਖਣ ਕਰਨ ਅਤੇ ਉਨ੍ਹਾਂ ਨੂੰ ਫਿਰ ਤੋਂ ਖੋਲ੍ਹਣ ਲਈ ਕਮੇਟੀ ਦਾ ਗਠਨ ਕੀਤਾ ਹੈ। ਬੀਤੇ ਸਾਲਾਂ ‘ਚ ਘਾਟੀ ਦੇ ਲਗਭਗ 50 ਹਜ਼ਾਰ ਮੰਦਰ ਬੰਦ ਕਰਵਾਏ ਗਏ ਹਨ। ਜਿਨ੍ਹਾਂ ‘ਚੋਂ ਕੁਝ ਨੂੰ ਨਸ਼ਟ ਕਰ ਦਿੱਤਾ ਗਿਆ ਅਤੇ ਮੂਰਤੀਆਂ ਨੂੰ ਨੁਕਸਾਨ ਪਹੁੰਚਾ ਦਿੱਤਾ ਗਿਆ ਸੀ। ਅਸੀਂ ਇਸ ਤਰ੍ਹਾਂ ਦਾ ਸਰਵੇ ਕਰਨ ਦੇ ਆਦੇਸ਼ ਦੇ ਦਿੱਤੇ ਹਨ।” ਮੰਨਿਆ ਜਾ ਰਿਹਾ ਹੈ ਕਿ ਬੰਦ ਪਏ ਮੰਦਰਾਂ ਨੂੰ ਮੁੜ ਖੋਲ੍ਹਿਆ ਜਾ ਸਕਦਾ ਹੈ।ਹਾਊਡੀ ਮੋਦੀ ਪ੍ਰੋਗਰਾਮ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਸਿੱਖ ਭਾਈਚਾਰੇ ਦੇ ਲੋਕਾਂ ਨੇ ਕਰਤਾਰਪੁਰ ਕੋਰੀਡੋਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਤਾਂ ਉੱਥੇ ਹੀ ਅਮਰੀਕਾ ‘ਚ ਰਹਿਣ ਵਾਲੇ ਕਸ਼ਮੀਰੀ ਪੰਡਤ ਉਨ੍ਹਾਂ ਨੂੰ ਮਿਲ ਕੇ ਭਾਵੁਕ ਹੋ ਗਏ। ਉੱਥੇ ਹੀ ਪੀ.ਐੱਮ. ਵੀ ਭਾਵੁਕ ਨਜ਼ਰ ਆਏ। ਗੱਲਬਾਤ ਦੌਰਾਨ ਕਸ਼ਮੀਰੀ ਪੰਡਤਾਂ ਦੇ ਭਾਈਚਾਰੇ ਦਾ ਪ੍ਰਤੀਨਿਧੀਤੱਵ ਕਰਨ ਵਾਲੇ ਸੁਰਿੰਦਰ ਕੌਲ ਨੇ ਉਨ੍ਹਾਂ ਦਾ ਹੱਥ ਚੁੰਮ ਲਿਆ।