March 28, 2024
#ਭਾਰਤ

2021 ਵਿੱਚ ਮਨੁੱਖੀ ਪੁਲਾੜ ਮਿਸ਼ਨ ਤਹਿਤ ਆਪਣਾ ਪਹਿਲਾ ਗਗਨਯਾਨ ਭੇਜੇਗਾ ਇਸਰੋ

ਨਵੀਂ ਦਿੱਲੀ – ਭਾਰਤੀ ਪੁਲਾੜ ਖੋਜ ਸੰਗਠਨ ਸਾਲ 2021 ਵਿਚ ਆਪਣਾ ਪਹਿਲਾ ਮਨੁੱਖੀ ਪੁਲਾੜ ਮਿਸ਼ਨ ‘ਗਗਨਯਾਨ’ ਭੇਜਣ ਵਾਲਾ ਹੈ| ਇਸ ਸੰਬੰਧੀ ਇਸਰੋ ਵਲੋਂ ਦੇਸ਼ ਭਰ ਤੋਂ 4 ਵਿਅਕਤੀਆਂ ਦੀ ਚੋਣ ਕੀਤੀ ਗਈ ਹੈ, ਜੋ ਇਸ ਮਿਸ਼ਨ ਜ਼ਰੀਏ ਚੰਨ ਤੇ ਜਾਣਗੇ|ਇਹ ਪੁਲਾੜ ਯਾਤਰੀ ਇਸ ਮਹੀਨੇ ਵਿਸ਼ੇਸ਼ ਸਿਖਲਾਈ ਲਈ ਰੂਸ ਜਾਣਗੇ| ਇਸ ਦਰਮਿਆਨ ਖਬਰ ਆਈ ਹੈ ਕਿ ਇਨ੍ਹਾਂ ਪੁਲਾੜ ਯਾਤਰੀਆਂ ਨੂੰ ਹੁਣ ਪੁਲਾੜ ਵਿਚ ਵੀ ਘਰ ਵਰਗਾ ਖਾਣਾ ਖਾਣ ਨੂੰ ਮਿਲੇਗਾ ਅਤੇ ਪੁਲਾੜ ਯਾਤਰੀ ਪੁਲਾੜ ਵਿਚ ਵੀ ਗਰਮਾ-ਗਰਮ ਖਾਣੇ ਦਾ ਆਨੰਦ ਮਾਣ ਸਕਣਗੇ|ਪ੍ਰਾਪਤ ਜਾਣਕਾਰੀ ਅਨੁਸਾਰ ਮਿਸ਼ਨ ਦੌਰਾਨ ਖਾਣੇ ਲਈ 22 ਤਰ੍ਹਾਂ ਦੀਆਂ ਚੀਜ਼ਾਂ ਦੀ ਸੂਚੀ ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਵਿਚ ਪੂਰੇ ਭਾਰਤ ਤੋਂ ਪਕਵਾਨ ਸ਼ਾਮਲ ਹਨ| ਖਾਣੇ ਵਿਚ ਹਲਕਾ ਖਾਣਾ, ਜ਼ਿਆਦਾ ਊਰਜਾ ਵਾਲਾ ਖਾਣਾ, ਡਰਾਈ ਫਰੂਟ ਅਤੇ ਫਲ ਵੀ ਸ਼ਾਮਲ ਹਨ| ਭਾਰਤੀ ਪੁਲਾੜ ਯਾਤਰੀ ਦੇ ਨਾਸ਼ਤੇ, ਦੁਪਹਿਰ ਦੇ ਭੋਜਨ ਅਤੇ ਰਾਤ ਦੇ ਖਾਣੇ ਵਿਚ 22 ਭਾਰਤੀ ਵਿਅੰਜਨਾਂ ਅਤੇ ਫਲਾਂ ਦੇ ਰਸ ਨੂੰ ਸ਼ਾਮਿਲ ਕੀਤਾ ਗਿਆ ਹੈ| ਖਾਣੇ ਵਿਚ ਐਗ ਰੋਲ, ਵੈਜ਼ ਰੋਲ, ਇਡਲੀ, ਮੂੰਗ ਦੀ ਦਾਲ ਦਾ ਹਲਵਾ ਅਤੇ ਵੈਜ਼ ਪੁਲਾਓ ਆਦਿ ਸ਼ਾਮਲ ਹੋਣਗੇ| ਪੀਣ ਵਾਲੇ ਪਦਾਰਥਾਂ ਵਿਚ ਚਾਹ, ਕੌਫੀ ਅਤੇ ਫਰੂਟ ਜੂਸ ਦਿੱਤੇ ਜਾਣਗੇ| ਹਾਲਾਂਕਿ ਖਾਣੇ ਵਿਚ ਕੁਝ ਬਦਲਾਅ ਵੀ ਹੋ ਸਕਦੇ ਹਨ| ਰੱਖਿਆ ਖੁਰਾਕ ਖੋਜ ਪ੍ਰਯੋਗਸ਼ਾਲਾ ਦੇ ਡਾਇਰੈਕਟਰ ਡਾ. ਅਨਿਲ ਦੱਤ ਸੇਮਵਾਲ ਨੇ ਇਸ ਬਾਰੇ ਕਿਹਾ ਕਿ ਖਾਣੇ ਦੀਆਂ ਸਾਰੀਆਂ ਚੀਜ਼ਾਂ ਨੂੰ ਪੁਲਾੜ ਯਾਤਰੀ ਖਾ ਕੇ ਦੇਖਣਗੇ, ਕਿਉਂਕਿ ਇਨ੍ਹਾਂ ਦੀ ਚੋਣ ਇਸ ਤੇ ਵੀ ਨਿਰਭਰ ਕਰਦੀ ਹੈ ਕਿ ਇਹ ਉਨ੍ਹਾਂ ਨੂੰ ਚੰਗੇ ਲੱਗਦੇ ਹਨ ਜਾਂ ਨਹੀਂ| ਦੱਤ ਨੇ ਕਿਹਾ ਕਿ ਪੁਲਾੜ ਯਾਤਰੀਆਂ ਲਈ ਸ਼ਾਕਾਹਾਰੀ ਅਤੇ ਮਾਸਾਹਾਰੀ ਦੋਵੇਂ ਤਰ੍ਹਾਂ ਦਾ ਖਾਣਾ ਬਣਾਇਆ ਜਾਵੇਗਾ| ਇਨ੍ਹਾਂ ਨੂੰ ਗਰਮ ਕਰ ਕੇ ਖਾਇਆ ਜਾ ਸਕਦਾ ਹੈ| ਅਸੀਂ ਖਾਣਾ ਗਰਮ ਕਰਨ ਲਈ ਇਕ ਯੰਤਰ ਵੀ ਦੇ ਰਹੇ ਹਾਂ, ਜਿਸ ਦੇ ਜ਼ਰੀਏ ਖਾਣਾ ਗਰਮ ਕੀਤਾ ਜਾ ਸਕਦਾ ਹੈ| ਉਨ੍ਹਾਂ ਕਿਹਾ ਕਿ ਇਹ ਖਾਣਾ ਸਿਹਤਮੰਦ ਹੈ ਅਤੇ ਇਕ ਸਾਲ ਤਕ ਚਲ ਸਕਦਾ ਹੈ|

Prabhdeep Kaur
Author: Prabhdeep Kaur