April 24, 2026
#ਦੇਸ਼ ਦੁਨੀਆਂ

ਗੋਟਬਾਯਾ ਰਾਜਪਕਸਾ ਸ੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਬਣੇ

ਕੋਲੰਬੋ – ਸ੍ਰੀਲੰਕਾ ਦੇ ਵਿਵਾਦਾਂ ’ਚ ਰਹੇ ਰੱਖਿਆ ਮੰਤਰੀ ਗੋਟਬਾਯਾ ਰਾਜਪਕਸਾ (70) ਮੁਲਕ ਦੇ ਨਵੇਂ ਰਾਸ਼ਟਰਪਤੀ ਚੁਣ ਲਏ ਗਏ ਹਨ। ਉਨ੍ਹਾਂ ਹੁਕਮਰਾਨ ਪਾਰਟੀ ਦੇ ਉਮੀਦਵਾਰ ਸਜੀਤ ਪ੍ਰੇਮਦਾਸਾ ਨੂੰ 13 ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਹੈ। ਚੀਨ ਪੱਖੀ ਮੰਨੇ ਜਾਂਦੇ ਤਾਕਤਵਰ ਰਾਜਪਕਸਾ ਪਰਿਵਾਰ ਦੀ ਸੱਤਾ ’ਚ ਮੁੜ ਵਾਪਸੀ ਹੋਈ ਹੈ। ਇਸ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਪਕਸਾ ਨੂੰ ਵਧਾਈ ਦਿੰਦਿਆਂ ਭਾਰਤ ਆਉਣ ਦਾ ਸੱਦਾ ਦਿੱਤਾ ਹੈ।ਸਰਕਾਰੀ ਨਤੀਜਿਆਂ ਮੁਤਾਬਕ ਰਾਜਪਕਸਾ ਨੂੰ 52.25 ਫ਼ੀਸਦੀ ਵੋਟ (6924255) ਮਿਲੇ ਜਦਕਿ ਪ੍ਰੇਮਦਾਸਾ ਨੂੰ 41.99 ਫ਼ੀਸਦੀ ਵੋਟ (5564239) ਹਾਸਲ ਹੋਏ। ਚੋਣ ਕਮਿਸ਼ਨ ਨੇ ਦੱਸਿਆ ਕਿ ਬਾਕੀ ਉਮੀਦਵਾਰਾਂ ਨੂੰ 5.76 ਫ਼ੀਸਦ ਵੋਟ ਹੀ ਮਿਲੇ। ਰਾਸ਼ਟਰਪਤੀ ਮੈਤਰੀਪਾਲ ਸਿਰੀਸੈਨਾ ਤੋਂ ਕਮਾਨ ਸੰਭਾਲਣ ਜਾ ਰਹੇ ਰਾਜਪਕਸਾ ਨੇ ਆਪਣੇ ਸਮਰਥਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸ਼ਾਂਤਮਈ ਢੰਗ ਨਾਲ ਖੁਸ਼ੀ ਮਨਾਉਣ। ਸਰਕਾਰੀ ਪੱਧਰ ’ਤੇ ਚੋਣ ਨਤੀਜੇ ਐਲਾਨੇ ਜਾਣ ਤੋਂ ਪਹਿਲਾਂ ਹੀ ਪ੍ਰੇਮਦਾਸਾ (52) ਨੇ ਆਪਣੀ ਹਾਰ ਸਵੀਕਾਰ ਕਰ ਲਈ ਸੀ।