April 24, 2026
#ਪ੍ਰਮੁੱਖ ਖ਼ਬਰਾਂ #ਭਾਰਤ

ਰਾਜਨਾਥ ਸਿੰਘ ਵੱਲੋਂ ਅਮਰੀਕੀ ਰੱਖਿਆ ਮੰਤਰੀ ਨਾਲ ਗੱਲਬਾਤ

ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਬੈਂਕਾਕ ਵਿੱਚ ਆਪਣੇ ਅਮਰੀਕੀ ਹਮਰੁਤਬਾ ਮਾਰਕ ਟੀ.ਐਸਪਰ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਰਣਨੀਤਕ ਮਹੱਤਤਾ ਵਾਲੇ ਮੁੱਦਿਆਂ ਸਮੇਤ ਭਾਰਤ-ਪ੍ਰਸ਼ਾਂਤ ਖਿੱਤੇ ਵਿੱਚ ਹਾਲਾਤ ਅਤੇ ਦੁਵੱਲੇ ਰੱਖਿਆ ਸਹਿਯੋਗ ਨਾਲ ਜੁੜੇ ਮੁੱਦਿਆਂ ਨੂੰ ਵਧੇਰੇ ਮਜ਼ਬੂਤ ਕਰਨ ਦੇ ਢੰਗ ਤਰੀਕੇ ’ਤੇ ਚਰਚਾ ਕੀਤੀ। ਸਿੰਘ ਤੇ ਐਸਪਰ ਆਸੀਆਨ ਰੱਖਿਆ ਮੰਤਰੀਆਂ ਦੀ ਮੀਟਿੰਗ ਪਲੱਸ (ਏਡੀਐੱਮਐੱਮ-ਪਲੱਸ) ਤੋਂ ਪਾਸੇ ਇਕ ਦੂਜੇ ਨੂੰ ਮਿਲੇ। ਆਸੀਆਨ ਭਾਰਤ ਦੀ ਸ਼ਮੂਲੀਅਤ ਵਾਲਾ ਦਸ ਮੁਲਕਾਂ ਦਾ ਇਕ ਸਮੂਹ ਹੈ। ਸਿੰਘ ਨੇ ਇਸ ਦੌਰਾਨ ਜਪਾਨ ਦੇ ਰੱਖਿਆ ਮੰਤਰੀ ਤਾਰੋ ਕੋਨੋ ਨਾਲ ਵੀ ਵੱਖਰੇ ਤੌਰ ’ਤੇ ਮੁਲਾਕਾਤ ਕੀਤੀ ਤੇ ਗੱਲਬਾਤ ਦੁਵੱਲੇ ਰੱਖਿਆ ਸਹਿਯੋਗ ’ਤੇ ਕੇਂਦਰਤ ਰਹੀ।ਅਮਰੀਕੀ ਰੱਖਿਆ ਮੰਤਰੀ ਐਸਪਰ ਨਾਲ ਮੀਟਿੰਗ ਮੌਕੇ ਸਿੰਘ ਨੇ ਨਵੀਂ ਦਿੱਲੀ ਦੇ ਭਾਰਤ-ਪ੍ਰਸ਼ਾਂਤ ਖਿੱਤੇ ਦੀ ਪ੍ਰਭੁੱਤਾ ਤੇ ਪ੍ਰਾਦੇਸ਼ਕ ਅਖੰਡਤਾ ਦੇ ਸਤਿਕਾਰ ਅਤੇ ਨੇਮ ਆਧਾਰਿਤ ਮੁਕਤ ਦ੍ਰਿਸ਼ਟੀਕੋਣ ’ਤੇ ਜ਼ੋਰ ਦਿੱਤਾ। ਪ੍ਰਸ਼ਾਂਤ ਖਿੱਤੇ ਵਿੱਚ ਚੀਨ ਦੇ ਤੇਜ਼ੀ ਨਾਲ ਵਧਦੇ ਫ਼ੌਜੀ ਤੇ ਆਰਥਿਕ ਰਸੂਖ਼ ਤੋਂ ਖਿੱਤੇ ਦੇ ਕਈ ਮੁਲਕ ਫਿਕਰਮੰਦ ਹਨ।