April 24, 2026
#ਖੇਡਾਂ

ਗੁਲਾਬੀ ਗੇਂਦ ਨਾਲ ਭਾਰਤ-ਬੰਗਲਾਦੇਸ਼ ਟੈਸਟ ਅੱਜ

ਕੋਲਕਾਤਾ – ਭਾਰਤੀ ਕ੍ਰਿਕਟ ਟੀਮ ਅਖ਼ੀਰ ਗੁਲਾਬੀ ਰੰਗ ਵਿੱਚ ਰੰਗਣ ਜਾ ਰਹੀ ਹੈ ਅਤੇ ਬੰਗਲਾਦੇਸ਼ ਖ਼ਿਲਾਫ਼ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਦਿਨ-ਰਾਤ ਦੇ ਇਤਿਹਾਸਕ ਟੈਸਟ ਵਿੱਚ ਵਿਰਾਟ ਕੋਹਲੀ ਦੀ ਟੀਮ ਦਾ ਪੱਲੜਾ ਭਾਰੀ ਲੱਗ ਰਿਹਾ ਹੈ। ਸਾਬਕਾ ਕਪਤਾਨ ਸੌਰਵ ਗਾਂਗੁਲੀ ਦੀ ਅਗਵਾਈ ਵਿੱਚ ਬੀਸੀਸੀਆਈ ਨੇ ਗੁਲਾਬੀ ਗੇਂਦ ਨਾਲ ਇਹ ਟੈਸਟ ਕਰਵਾਉਣ ਦਾ ਫ਼ੈਸਲਾ ਲਿਆ ਹੈ, ਜਦਕਿ ਕੌਮਾਂਤਰੀ ਕ੍ਰਿਕਟ ਕੌਂਸਲ ਟੈਸਟ ਵਿੱਚ ਦਰਸ਼ਕਾਂ ਨੂੰ ਖਿੱਚਣ ਲਈ ਸੱਤ ਸਾਲ ਪਹਿਲਾਂ ਇਸ ਨੂੰ ਮਨਜ਼ੂਰੀ ਦੇ ਚੁੱਕੀ ਹੈ।
ਗਾਂਗੁਲੀ ਨੇ ਬੰਗਲਾਦੇਸ਼ ਕ੍ਰਿਕਟ ਬੋਰਡ ਨੂੰ ਵੀ ਕਾਫ਼ੀ ਘੱਟ ਸਮੇਂ ਵਿੱਚ ਇਸ ਦਿਨ-ਰਾਤ ਦੇ ਟੈਸਟ ਲਈ ਰਾਜ਼ੀ ਕਰ ਲਿਆ। ਹੁਣ ਤੱਕ ਦੁਨੀਆਂ ਵਿੱਚ ਦਿਨ-ਰਾਤ ਦੇ 11 ਟੈਸਟ ਖੇਡੇ ਜਾ ਚੁੱਕੇ ਹਨ। ਚਾਰ ਸਾਲ ਪਹਿਲਾਂ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਦਿਨ-ਰਾਤ ਟੈਸਟ ਖੇਡਿਆ ਗਿਆ ਸੀ। ਆਸਟਰੇਲੀਆ ਬੀਤੇ ਸਾਲ ਭਾਰਤ ਨਾਲ ਦਿਨ-ਰਾਤ ਟੈਸਟ ਮੈਚ ਖੇਡਣ ਦੀ ਤਜਵੀਜ਼ ਰੱਖੀ ਸੀ, ਪਰ ਉਹ ਰਾਜ਼ੀ ਨਹੀਂ ਹੋਇਆ ਸੀ। ਇਸ ਦਾ ਕਾਰਨ ਐੱਸਜੀ ਗੁਲਾਬੀ ਗੇਂਦ ਸੀ, ਜਿਸ ਨੂੰ ਸੂਰਜ ਡੁੱਬਣ ਮਗਰੋਂ ਵੇਖਣਾ ਮੁਸ਼ਕਲ ਹੁੰਦਾ ਹੈ। ਮੈਦਾਨ ਵਿੱਚ ਜੇਕਰ ਤਰੇਲ ਹੋਵੇ ਤਾਂ ਗੇਂਦਬਾਜ਼ਾਂ ਦੀ ਸਮੱਸਿਆ ਵਧ ਜਾਂਦੀ ਹੈ। ਗਾਂਗੁਲੀ ਅਤੇ ਕੋਹਲੀ ਹਾਲਾਂਕਿ ਇਸ ਦੇ ਲਈ ਤਿਆਰ ਹੋ ਗਏ। ਮੌਜੂਦਾ ਭਾਰਤੀ ਕਪਤਾਨ ਨੂੰ ਇਸ ਦੇ ਲਈ ‘ਹਾਂ’ ਕਹਿਣ ਵਿੱਚ ਸਿਰਫ਼ ਤਿੰਨ ਸੈਕਿੰਡ ਲੱਗੇ।