April 23, 2026
#ਖੇਡਾਂ

ਡਾਇਰੈਕਟਰ ਸਪੋਰਟਸ ਵੱਲੋਂ ਸੱਤਾਂ ਜ਼ਿਲਿਆਂ ਦਾ ਦੌਰਾ ਕਰਨ ਤੋਂ ਬਾਅਦ ਚੱਲ ਰਹੇ ਪ੍ਰਬੰਧਾਂ ’ਤੇ ਤਸੱਲੀ ਦਾ ਪ੍ਰਗਟਾਵਾ

ਵੱਖ ਵੱਖ ਅਧਿਕਾਰੀਆਂ ਨਾਲ ਮੀਟਿੰਗਾਂ ਦੌਰਾਨ ਜਾਰੀ ਕਾਰਜਾਂ ਦਾ ਜਾਇਜਾ

ਚੰਡੀਗੜ – ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ-2019 ਕਰਵਾਉਣ ਲਈ ਵੱਖ ਵੱਖ ਜ਼ਿਲਿਆਂ ਦਾ ਦੌਰਾ ਕਰਨ ਤੋਂ ਬਾਅਦ ਪੰਜਾਬ ਦੇ ਡਾਇਰੈਕਟਰ ਸਪੋਰਟਸ ਸ੍ਰੀ ਸੰਜੇ ਪੋਪਲੀ ਨੇ ਚੱਲ ਰਹੇ ਕਾਰਜਾਂ ’ਤੇ ਤਸੱਲੀ ਦਾ ਪ੍ਰਗਟਾਵਾ ਕਰਦੇ ਹੋਏ ਸਮੁੱਚੇ ਪ੍ਰਬੰਧਾਂ ਨੂੰ ਸਮੇਂ ਤੋਂ ਕਾਫੀ ਪਹਿਲਾਂ ਕਰਨ ਦਾ ਐਲਾਨ ਕੀਤਾ ਹੈ।ਸਾਰੇ ਦੇ ਸਾਰੇ ਜ਼ਿਲਿਆਂ ਕਪੂਰਥਲਾ, ਅੰਮਿ੍ਰਤਸਰ, ਫਿਰੋਜ਼ਪੁਰ, ਬਠਿੰਡਾ, ਪਟਿਆਲਾ, ਰੂਪ ਨਗਰ ਅਤੇ ਗੁਰਦਾਸਪੁਰ ਦਾ ਦੌਰਾ ਕਰਨ ਅਤੇ ਓਥੇ ਵੱਖ ਵੱਖ ਅਧਿਕਾਰੀਆਂ ਨਾਲ ਹੋਈਆਂ ਜਾਇਜਾ ਮੀਟਿੰਗਾਂ ਦਾ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਪੋਪਲੀ ਨੇ ਦੱਸਿਆ ਕਿ ਕਬੱਡੀ ਟੂਰਨਾਮੈਂਟ ਕਰਵਾਉਣ ਵਾਸਤੇ ਕੰਮ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ ਅਤੇ ਇਹ ਕੰਮ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੁਕੰਮਲ ਕਰ ਲਿਆ ਜਾਵੇਗਾ। ਸ੍ਰੀ ਪੋਪਲੀ ਮੈਚ ਹੋਣ ਵਾਲੀਆਂ ਸਾਰੀਆਂ ਥਾਵਾਂ ਦਾ ਖੁਦ ਦੌਰਾ ਕਰ ਚੁੱਕੇ ਹਨ ਅਤੇ ਉਨਾਂ ਨੇ ਕਬੱਡੀ ਗਰਾਉਡਾਂ ਦਾ ਵਿਸ਼ੇਸ਼ ਤੌਰ ’ਤੇ ਮੁਆਇਨਾ ਕੀਤਾ ਹੈ।ਡਾਇਰੈਕਟਰ ਸਪੋਰਟਸ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ 9 ਟੀਮਾਂ ਹਿੱਸਾ ਲੈ ਰਹੀਆਂ ਹਨ ਹਰੇਕ ਜ਼ਿਲੇ ਦੇ ਪ੍ਰਬੰਧਾਂ ਨੂੰ ਦੇਖਣ ਲਈ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਵਿੱਚ ਵੈਨਿਊ ਕਮੇਟੀਆਂ ਬਣਾਈਆਂ ਗਈਆਂ ਹਨ ਜੋ ਸਾਰੇ ਤਰਾਂ ਦੇ ਪ੍ਰਬੰਧਾਂ ਨੂੰ ਮੁਕੰਮਲ ਕਰਨ ਵਿੱਚ ਲੱਗੀਆਂ ਹੋਈਆਂ ਹਨ। ਸ੍ਰੀ ਪੋਪਲੀ ਅਨੁਸਾਰ ਸਟੇਡੀਅਮਾਂ ਨੂੰ ਨਵਿਆਉਣ, ਉਨਾਂ ਦੀ ਮੁਰੰਮਤ ਕਰਨ, ਖੇਡ ਮੈਦਾਨਾਂ ਨੂੰ ਦਰੁੱਸਤ ਕਰਨ ਤੋਂ ਇਲਾਵਾ ਬਾਥਰੂਮਾਂ ਤੇ ਪਖਾਨਿਆਂ ਦੀ ਮੁਰੰਮਤ, ਲਾਈਟਾਂ ਤੇ ਬੈਕ ਅੱਪ ਜਨਰੇਟਰਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।ਸ੍ਰੀ ਪੋਪਲੀ ਅਨੁਸਾਰ ਦਰਸ਼ਕਾਂ ਦੇ ਬੈਠਣ ਲਈ ਥਾਂ ਅਤੇ ਸਟੇਡੀਅਮਾਂ ਦੇ ਬਾਹਰ ਪਾਰਕਿੰਗਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਖੇਡ ਮੰਤਰੀ ਸ੍ਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਇੱਛਾ ਦੇ ਮੁਤਾਬਿਕ ਇਸ ਟੂਰਨਾਮੈਂਟ ਨੂੰ ਯਾਦਗਾਰੀ ਬਨਾਇਆ ਜਾਵੇਗਾ ਅਤੇ ਇਹ ਟੂਰਨਾਮੈਂਟ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵਗਾ।ਇਨਾਂ ਸਾਰੇ ਜ਼ਿਲਾਂ ਦੇ ਦੌਰਿਆਂ ਦੌਰਾਨ ਉਨਾਂ ਦੇ ਨਾਲ ਡਿਪਟੀ ਡਾਇਰੈਕਟਰ ਸਪੋਰਟਸ ਸ੍ਰੀ ਕਰਤਾਰ ਸਿੰਘ ਹਾਜ਼ਰ ਸਨ।