April 23, 2026
#ਪੰਜਾਬ

ਫੂਡ ਸਪਲਾਈ ਟੀਮ ਵੱਲੋਂ ਮੁਕਤਸਰ ‘ਚ ਫਰਜ਼ੀ ਬਿਲਿੰਗ ਦੀ ਧੋਖਾਧੜੀ ਦਾ ਪਰਦਾਫਾਸ਼ : ਆਸ਼ੂ

ਮੌਕੇ ਦੀ ਜਾਂਚ ਦੌਰਾਨ ਕਥਿਤ ਤੌਰ ‘ਤੇ ਖਰੀਦੇ ਝੋਨੇ ਦੇ ਮੁਕਾਬਲੇ 9000 ਤੋਂ ਵੱਧ ਬੋਰੀਆਂ ਘੱਟ ਪਾਈਆਂ ਗਈਆਂ

ਚੰਡੀਗੜ੍ਹ – ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੀਆਂ ਚੌਕਸੀ ਟੀਮਾਂ ਵਲੋਂ ਸਥਾਨਕ ਮੰਡੀਆਂ ਵਿੱਚ ਸੂਬੇ ਤੋਂ ਬਾਹਰਲੇ ਝੋਨੇ ਦੀ ਆਮਦ ਨੂੰ ਰੋਕਣ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ, ਇਹ ਜਾਣਕਰੀ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਦਿੱਤੀ। ਸ੍ਰੀ ਆਸ਼ੂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਮੁਕਤਸਰ ਸਥਿਤ ਇੱਕ ਸ਼ੈੱਲਰ ਦੇ ਮਾਲਕ ਵਲੋਂ ਫਰਜ਼ੀ ਬਿਲਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਮੈਸਰਜ਼ .ਆਰ.ਕੇ. ਵਿਸ਼ਾਲ ਰਾਈਸ ਐਂਡ ਜਨਰਲ ਮਿੱਲਜ਼, ਬਰੀਵਾਲਾ, ਜ਼ਿਲ੍ਹਾ ਮੁਕਤਸਰ ਦੀ ਗੈਰ-ਕਾਨੂੰਨੀ ਸੌਦੇਬਾਜ਼ੀ ‘ਤੇ ਸ਼ੱਕ ਸੀ । ਸ਼ੈਲਰ ਵਿਚ ਕੀਤੀ ਛਾਪੇਮਾਰੀ ਅਤੇ ਮੌਕੇ ਦੀ ਜਾਂਚ ਤੋਂ ਬਾਅਦ ਇਹ ਤੱਥ ਸਾਹਮਣੇ ਆਏ ਕਿ ਮਿੱਲ ਮਾਲਕ ਨੇ ਸਥਾਨਕ ਮੰਡੀਆਂ ਤੋਂ ਕੀਤੀ ਖ਼ਰੀਦ ਨੂੰ ਆਪਣੇ ਰਿਕਾਰਡ ਵਿਚ ਦਿਖਾਇਆ ਸੀ ਪਰ ਅਸਲ ਵਿਚ ਉਸਨੇ ਅਜਿਹਾ ਨਹੀਂ ਕੀਤਾ ਸੀ। ਦਰਅਸਲ, ਭੰਡਾਰ ਵਿੱਚ ਝੋਨੇ ਦੀਆਂ 9000 ਤੋਂ ਵੱਧ ਬੋਰੀਆਂ ਘੱਟ ਪਾਈਆਂ ਗਈਆਂ ਜੋ ਕਥਿਤ ਤੌਰ ‘ਤੇ ਸਥਾਨਕ ਮੰਡੀਆਂ ਤੋਂ ਖਰੀਦੀਆਂ ਦਿਖਾਈਆਂ ਗਈਆਂ ਸੀ। ਮਿੱਲ ਦੇ ਰਿਕਾਰਡ ਅਨੁਸਾਰ ਝੋਨੇ ਦੀਆਂ 83303 ਬੋਰੀਆਂ (ਹਰੇਕ 37.5 ਕਿਲੋ) ਜਿਨ੍ਹਾਂ ਦਾ ਕੁੱਲ ਵਜ਼ਨ 3123 ਟਨ ਬਣਦਾ ਹੈ, 23 ਨਵੰਬਰ ਤੱਕ ਮਿੱਲ ਵਿੱਚ ਹੀ ਭੰਡਾਰ ਕਰਕੇ ਰੱਖੀਆਂ ਗਈਆਂ ਸਨ । ਪਰ ਮੌਕੇ ‘ਤੇ ਸਿਰਫ 74281 ਬੋਰੀਆਂ ਹੀ ਪਾਈਆਂ ਗਈਆਂ ਜਿਨ੍ਹਾਂ ਦਾ ਕੁੱਲ ਵਜ਼ਨ 2785 ਟਨ ਬਣਦਾ ਹੈ। ਇਸ ਲਈ ਮਿੱਲ ਵਿਚ ਝੋਨੇ ਦੀਆਂ ਕੁੱਲ 9022 ਬੋਰੀਆਂ (ਹਰੇਕ 37.5ਕਿਲੋ) (338 ਟਨ) ਦੀ ਘਾਟ ਦੇਖੀ ਗਈ। ਫਰਜ਼ੀ ਬਿਲਿੰਗ ਤੋਂ ਇਲਾਵਾ ਨਿਰੀਖਣ ਅਧਿਕਾਰੀਆਂ ਦੀ ਟੀਮ ਨੂੰ ਸੂਬੇ ਤੋਂ ਬਾਹਰਲੇ ਝੋਨੇ ਦੀਆਂ ਖਾਲੀ ਬੋਰੀਆਂ ਵੀ ਮਿਲੀਆਂ, ਜਿਨ੍ਹਾਂ ਵਿਚ ਉੱਤਰ ਪ੍ਰਦੇਸ਼ ਅਤੇ ਬਿਹਾਰ ਦੀਆਂ ਬੋਰੀਆਂ ਸ਼ਾਮਲ ਸਨ। ਇਸ ਨਾਲ ਇਹ ਤੱਥ ਸਾਹਮਣੇ ਆਏ ਕਿ ਮਿੱਲਰ ਨੇ ਮੰਡੀ ਵਿਚੋਂ ਫਰਜ਼ੀ ਬਿਲਿੰਗ ਰਾਹੀਂ ਝੋਨੇ ਦੀ ਖ਼ਰੀਦ ਨੂੰ ਆਪਣੇ ਸ਼ੈਲਰ ਵਿਚ ਵਿਖਾਇਆ ਸੀ, ਜਦੋਂ ਕਿ ਅਸਲ ਵਿਚ ਝੋਨਾ ਮਿੱਲ ਵਿਚ ਆਇਆ ਹੀ ਨਹੀਂ ਸੀ ਅਤੇ ਮਿੱਲਰ ਹੋਰਾਂ ਰਾਜਾਂ ਤੋਂ ਸਸਤਾ ਝੋਨਾ ਖਰੀਦ ਕੇ ਆਪਣੇ ਝੋਨੇ ਦਾ ਲੋੜੀਂਦਾ ਭੰਡਾਰ ਪੂਰਾ ਕਰ ਰਿਹਾ ਸੀ।ਮੰਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਲੇਰੀ ਜਾਂਚ ਜਾਰੀ ਹੈ ਅਤੇ ਕਸਟਮ ਮਿਲਿੰਗ ਪਾਲਿਸੀ 2019-20 ਅਤੇ ਹੋਰ ਲਾਗੂ ਕਾਨੂੰਨਾਂ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਿੱਲ ‘ਤੇ ਕਾਰਵਾਈ ਦੀ ਸਿਫਾਰਸ਼ ਕੀਤੀ ਗਈ ਹੈ।