April 24, 2026
#ਪੰਜਾਬ #ਪ੍ਰਮੁੱਖ ਖ਼ਬਰਾਂ

ਹਲਦੀ ਘਾਟੀ ਦੀ ਲੜਾਈ ਮੱਧ ਕਾਲੀ ਭਾਰਤ ਦੇ ਇਤਿਹਾਸ ਦੀ ਫੈਸਲਾਕੁਨ ਘਟਨਾ ਪੈਨਲ ਮਾਹਿਰਾਂ ਨੇ ਹਲਦੀ ਘਾਟੀ ਦੀ ਲੜਾਈ ਦਾ ਜੇਤੂ ਕੌਣ ’ਤੇ ਕੀਤੀ ਚਰਚਾ

ਇਸ ਲੜਾਈ ’ਚ ਅਕਬਰ ਨੂੰ ਸਿਵਾਏ ਇੱਕ ਹਾਥੀ ਦੇ ਕੁੱਝ ਵੀ ਨਾ ਮਿਲਿਆ-ਰਾਜਪਾਲ ਪੰਜਾਬ
ਚੰਡੀਗੜ੍ਹ – ਪੰਜਾਬ ਦੇ ਰਾਜਪਾਲ ਸ੍ਰੀ ਵੀ ਪੀ ਸਿੰਘ ਬਦਨੌਰ ਨੇ ਅੱਜ ਕਿਹਾ ਕਿ ਹਲਦੀ ਘਾਟੀ ਦੀ ਇਤਿਹਾਸਕ ਲੜਾਈ ਵਿੱਚੋਂ ਅਕਬਰ ਦੀ ਅਗਵਾਈ ਵਾਲੀਆਂ ਮੁਗ਼ਲ ਫੌਜਾਂ ਨੇ ਸਿਵਾਏ ਰਾਮਪ੍ਰਸਾਦ ਨਾਮ ਦੇ ਇੱਕ ਹਾਥੀ ਦੇ, ਕੁੱਝ ਵੀ ਹੋਰ ਨਹੀਂ ਖੱਟਿਆ।ਅੱਜ ਇੱਥੇ ਮਿਲਟਰੀ ਲਿਟਰੇਚਰ ਫੈਸਟੀਵਲ ’ਚ ਹਲਦੀ ਘਾਟੀ ਦੀ ਲੜਾਈ ਦਾ ਅਸਲੀ ਜੇਤੂ ਕੌਣ, ਵਿਸ਼ੇ ’ਤੇ ਹੋਈ ਵਿਚਾਰ ਚਰਚਾ ਦੀ ਸ਼ੁਰੂਆਤ ਕਰਦਿਆਂ ਰਾਜਪਾਲ ਪੰਜਾਬ ਜਿਨ੍ਹਾਂ ਨਾਲ ਲੈਫ਼. ਜਨ. (ਸੇਵਾਮੁਕਤ) ਕੇ ਜੇ ਸਿੰਘ, ਮੇਜਰ ਜਨਰਲ (ਸੇਵਾਮੁਕਤ) ਰਣਬੀਰ ਸਿੰਘ, ਇਤਿਹਾਸ ਦੇ ਪ੍ਰੋ. ਅਭਿਮੰਨਿਊ ਸਿੰਘ ਵੀ ਹਾਜ਼ਰ ਸਨ, ਨੇ ਕਿਹਾ ਕਿ ਮੇਵਾੜ ਉਸ ਵੇਲੇ ਦੇ ਰਾਜਪੂਤਾਨਾ ਖਿੱਤੇ ਦਾ ਮਹਿਜ਼ ਇੱਕ ਬਟਾ ਅੱਠ ਹਿੱਸਾ ਸੀ ਜਦਕਿ ਉਸ ਵੇਲੇ ਦੇ ਮੁਗ਼ਲ ਮਹਾਰਾਜਾ ਅਕਬਰ ਬਾਦਸ਼ਾਹ ਪਾਸ ਬੇਤਹਾਸ਼ਾ ਸ੍ਰੋਤ ਸਨ ਪਰ ਉਨ੍ਹਾਂ ਕਿਹਾ ਕਿ ਮਹਾਰਾਣਾ ਪ੍ਰਤਾਪ ਵੱਲੋਂ ਦਿੱਤੀ ਗਈ ਡਟਵੀਂ ਟੱਕਰ ਨਾਲ ਮੁਗ਼ਲ ਮਹਾਰਾਜਾ ਕਦੀ ਵੀ ਮੇਵਾੜ ’ਤੇ ਜਿੱਤ ਹਾਸਲ ਨਹੀਂ ਕਰ ਸਕਿਆ ਅਤੇ ਹਲਦੀ ਘਾਟੀ ਦੀ ਲੜਾਈ ਵੀ ਉਸ ਲਈ ਇੱਕ ਵੱਡਾ ਨੁਕਸਾਨ ਸਾਬਤ ਹੋਇਆ। ਇਸ ਵਿਚਾਰ ਚਰਚਾ ਦਾ ਸੰਚਾਲਨ ਲੈਫ਼ਟੀਨੈਟ ਜਨਰਲ (ਸੇਵਾਮੁਕਤ) ਭੁਪਿੰਦਰ ਸਿੰਘ ਨੇ ਕੀਤਾ।ਇਸ ਗੱਲ ਦੀ ਪ੍ਰੋੜਤਾ ਲਈ ਇਤਿਹਾਸਕ ਹਵਾਲੇ ਦਿੰਦਿਆਂ ਉਨ੍ਹਾਂ ਕਿਹਾ ਕਿ ਰਾਜਪੂਤ ਰਾਜਾ ਮਾਨ ਸਿੰਘ ਅਤੇ ਬਖਸ਼ੀ ਆਸਿਫ਼ ਅਲੀ ਜੋ ਕਿ ਇਸ ਲੜਾਈ ਦਾ ਹਿੱਸਾ ਸਨ, ਨੂੰ ਇਸ ਉਪਰੰਤ ਕਦੀ ਵੀ ਮੁਗ਼ਲ ਬਾਦਸ਼ਾਹ ਦੇ ਦਰਬਾਰ ’ਚ ਵੜਨ ਨਹੀਂ ਦਿੱਤਾ ਗਿਆ ਅਤੇ ਨਾ ਹੀ ਕੋਈ ਮਨਸਬਦਾਰੀ ਦਿੱਤੀ ਗਈ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਮੁਗ਼ਲਾਂ ਵੱਲੋਂ ਇਸ ਜਿੱਤ ਦਾ ਕੋਈ ਵੀ ਜਸ਼ਨ ਨਹੀਂ ਮਨਾਇਆ ਗਿਆ ਅਤੇ ਜਿਸ ਜਗ੍ਹਾ ’ਤੇ ਮਹਾਰਾਣਾ ਪ੍ਰਤਾਪ ਦਾ ਘੋੜਾ ਮਰਿਆ ਸੀ, ਉਸ ਜਗ੍ਹਾ ’ਤੇ ਮਹਾਰਾਣਾ ਪ੍ਰਤਾਪ ਵੱਲੋਂ ਇੱਕ ਵੱਡਾ ਮੰਦਰ ਬਣਾਉਣਾ ਇਹ ਸਾਬਿਤ ਕਰਦਾ ਹੈ ਕਿ ਉਸ ਲੜਾਈ ਤੋਂ ਉਪਰੰਤ ਵੀ ਉਹ ਉਸ ਖਿੱਤੇ ਦਾ ਰਾਜਾ ਸੀ ਅਤੇ ਇਸ ਇਤਹਾਸਕ ਲੜਾਈ ਦਾ ਜੇਤੂ ਸੀ। ਉਨ੍ਹਾਂ ਕਿਹਾ ਕਿ ਇਹ ਇੱਕ ਇਤਿਹਾਸਕ ਤੱਥ ਹੈ ਕਿ ਮੇਵਾੜ ਨੇ ਹਮੇਸ਼ਾਂ ਆਜ਼ਾਦੀ ਦਾ ਆਨੰਦ ਮਾਣਿਆ ਹੈ ਅਤੇ ਕਦੀ ਵੀ ਕਿਸੇ ਦੀ ਅਧੀਨਗੀ ਸਵੀਕਾਰ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਮਹਾਰਾਣਾ ਪ੍ਰਤਾਪ ਨੇ ਦੇਸ਼ ਵਾਸੀਆਂ ਵਿੱਚ ਜਬਰ ਅਤੇ ਜ਼ੁਲਮ ਦੇ ਖ਼ਿਲਾਫ਼ ਤਕੜੇ ਤੋਂ ਤਕੜੇ ਬੰਦੇ ਖਿਲਾਫ਼ ਖੜ੍ਹੇ ਹੋਣ ਦੀ ਚਿਣਗ ਬਾਲੀ।ਇਸ ਮੌਕੇ ’ਤੇ ਸਾਰੇ ਪੈਨਲ ਮੈਂਬਰਾਂ ਨੇ ਇੱਕ ਮਤ ਹੋ ਕੇ ਕਿਹਾ ਕਿ ਹਲਦੀ ਘਾਟੀ ਦੀ ਲੜਾਈ ਦੋ ਮਹਾਂ ਯੋਧਿਆਂ ਦੇ ਵਿੱਚ ਇੱਕ ਇਤਿਹਾਸਕ ਲੜਾਈ ਸੀ, ਜਿਸ ਨੇ ਦੇਸ਼ ਦੇ ਮੱਧਕਾਲੀਨ ਇਤਿਹਾਸ ਦੇ ਵਿੱਚ ਨਵਾਂ ਮੋੜ ਲਿਆਂਦਾ। ਉਨ੍ਹਾਂ ਕਿਹਾ ਕਿ ਮਹਾਰਾਣਾ ਪ੍ਰਤਾਪ ਨੂੰ ਪਤਾ ਸੀ ਕਿ ਉਹ ਮੇਵਾੜ ਦੀ ਸ਼ਾਨ ਦਾ ਪ੍ਰਤੀਕ ਹੈ ਕਿਉਂ ਕਿ ਉਸ ਦੇ ਦਾਦਾ ਰਾਣਾ ਸਾਂਗਾ ਨੇ ਅਕਬਰ ਦੇ ਦਾਦਾ ਬਾਬਰ ਨੂੰ ਵੀ ਸਖਤ ਚਣੌਤੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਸੇ ਲਈ ਮਹਾਂਰਾਣਾ ਪ੍ਰਤਾਪ ਨੇ ਗੁਰੀਲਾ ਯੁੱਧ ਨੂੰ ਅਪਣਾ ਕੇ ਦੇਸ਼ ਵਿੱਚ ਤਾਕਤਵਰ ਮੁਗ਼ਲ ਸਾਮਰਾਜ ਦੇ ਖ਼ਿਲਾਫ਼ ਚਣੌਤੀ ਇੱਕ ਨਵੇਂ ਤਰੀਕੇ ਨਾਲ ਪੇਸ਼ ਕੀਤੀ।ਇਸ ਮੌਕੇ ’ਤੇ ਉਨ੍ਹਾਂ ਕਿਹਾ ਕਿ ਮਹਾਂਰਾਣਾ ਪ੍ਰਤਾਪ ਦੀ ਜਿੱਤ ਅਤੇ ਉਨ੍ਹਾਂ ਦੀ ਵੀਰਤਾ ਦਾ ਇੱਕ ਪ੍ਰਮਾਣ ਇਹ ਵੀ ਹੈ ਕਿ ਇਸ ਲੜਾਈ ਉਪਰੰਤ ਉਨ੍ਹਾਂ ਨੇ ਉਸ ਖਿੱਤੇ ਦੇ 32 ਹੋਰ ਕਿਲਿਆਂ ’ਤੇ ਵੀ ਜਿੱਤ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਮੇਵਾੜ ਦੇ ਲੋਕਾਂ ਨੇ ਕਦੀ ਵੀ ਇਹ ਨਹੀਂ ਮੰਨਿਆ ਕਿ ਉਨ੍ਹਾਂ ਨੇ ਹਲਦੀ ਘਾਟੀ ਦੀ ਲੜਾਈ ਵਿੱਚ ਹਾਰ ਹਪਈ ਹੈ, ਜਿਸ ਕਾਰਨ ਮੁਗ਼ਲ ਸਾਮਰਾਜ ਦੀ ਅਧੀਨਗੀ ਉਨ੍ਹਾਂ ਵੱਲੋਂ ਕਬੂਲ ਨਹੀਂ ਕੀਤਾ ਗਿਆ।