ਬਰਤਾਨੀਆਂ ਆਮ ਚੋਣਾਂ ‘ਚ ਕੰਜ਼ਰਵੇਟਿਵ ਪਾਰਟੀ ਨੂੰ ਪੂਰਨ ਬਹੁਮਤ
ਭਾਰਤੀ ਮੂਲ ਦੇ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ
ਲੰਡਨ – ਸਾਲ 1923 ਦੇ ਬਾਅਦ ਦਸੰਬਰ ਮਹੀਨੇ ‘ਚ ਪਹਿਲੀ ਵਾਰ ਹੋਇਆਂ ਬਰਤਾਨੀਆ ਆਮ ਚੋਣਾਂ ‘ਚ ਪ੍ਰਧਾਨ ਮੰਤਰੀ ਬੋਰਿਸ ਜੋਨਸਨ ਦੀ ਕੰਜ਼ਰਵੇਟਿਵ ਪਾਰਟੀ ਨੂੰ ਬਹੁਮਤ ਮਿਲ ਗਿਆ ਹੈ। ਜੋਨਸਨ ਨੇ 31 ਅਕਤੂਬਰ ਦੀ ਡੈੱਡਲਾਈਨ ਦੁਆਰਾ ਬ੍ਰੈਕਸਿਟ ਨੂੰ ਲਾਗੂ ਕਰਨ ‘ਚ ਅਸਫ਼ਲ ਰਹਿਣ ਤੋਂ ਬਾਅਦ ਚੋਣ ਲਈ 12 ਦਸੰਬਰ ਦੀ ਤਾਰੀਕ ਨਿਰਧਾਰਤ ਕੀਤੀ ਸੀ। ਇਸ ਤੋਂ ਪਹਿਲਾਂ ਮੀਡੀਆ ਰਿਪੋਰਟ ‘ਚ ਚੋਣਾਂ ਅਧਿਕਾਰੀਆਂ ਤੇ ਐਗਜ਼ਿਟ ਪੋਲ ਦਾ ਹਵਾਲਾ ਦਿੰਦੇ ਹੋਏ ਲੇਬਰ ਪਾਰਟੀ ਦੇ ਪਿੱਛੇ ਹੋਣ ਤੇ ਕੰਜ਼ਰਵੇਟਿਵ ਦੇ ਅਗਲੇ ਮਹੀਨੇ ਦੀ ਗੱਲ ਕੀਤੀ ਗਈ ਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੋਰਿਸ ਜੋਨਸਨ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਪ੍ਰਧਾਨ ਮੰਤਰੀ ਬੋਰਿਸ ਜੋਨਸਨ ਨੂੰ ਵਧੀਆ ਜਿੱਤ ‘ਤੇ ਢੇਰ ਸਾਰੀਆਂ ਸ਼ੁੱਭਕਾਮਨਾਵਾਂ ਤੇ ਮੈਂ ਭਾਰਤ ਅਤੇ ਬਰਤਾਨੀਆਂ ਦੇ ਵਿਚਕਾਰ ਸਬੰਧਾਂ ‘ਤੇ ਮਿਲ ਕੇ ਕੰਮ ਕਰਨ ਦੀ ਉਮੀਦ ਰੱਖਦਾ ਹਾਂ। ਪਾਰਟੀ ਨੇ 326 ਸੀਟਾਂ ਬਹੁਮਤ ਦਾ ਅੰਕੜਾ ਪਾਰ ਕੀਤਾ ਹੈ। ਬੋਰਿਸ ਜੌਨਸਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਵੱਡਾ ਜਨਾਦੇਸ਼ ਬ੍ਰਿਟੇਨ ਨੂੰ ਯੂਰਪੀ ਯੂਨੀਅਨ ਤੋਂ ਬਾਹਰ ਕੱਢਣ ਲਈ ਮਿਲਿਆ ਹੈ। ਇਨ੍ਹਾਂ ਆਮ ਚੋਣਾਂ ‘ਚ ਕੰਜ਼ਰਵੇਟਿਵ ਅਤੇ ਲੇਬਰ ਪਾਰਟੀਆਂ ਦੇ ਭਾਰਤੀ ਮੂਲ ਦੇ ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਕੁਝ ਨਵੇਂ ਚਿਹਰਿਆਂ ਦੇ ਨਾਲ ਕਰੀਬ 12 ਸੰਸਦ ਮੈਂਬਰਾਂ ਨੇ ਆਪਣੀਆਂ-ਆਪਣੀਆਂ ਸੀਟਾਂ ਬਰਕਰਾਰ ਰੱਖੀਆਂ। ਭਾਵੇਂਕਿ ਲੇਬਰ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਪਰ ਇਸ ਦੇ ਨਾਮ ਹੇਠ ਚੋਣ ਲੜ ਰਹੇ 4 ਪੰਜਾਬੀਆਂ ਨੇ ਮੁੜ ਇਤਿਹਾਸ ਰਚਿਆ ਹੈ। ਈਲਿੰਗ ਸਾਊਥਾਲ ਤੋਂ ਵਰਿੰਦਰ ਸ਼ਰਮਾ ਨੇ ਆਪਣੀ ਸੀਟ ‘ਤੇ ਜਿੱਤ ਦਰਜ ਕੀਤੀ ਹੈ। ਸਲੋਹ ਤੋਂ ਤਨਮਨਜੀਤ ਸਿੰਘ ਢੇਸੀ ਵੀ ਆਪਣੀ ਸੀਟ ‘ਤੇ ਜਿੱਤ ਗਏ ਹਨ। ਉਹਨਾਂ ਨੇ ਟਵੀਟ ਕਰ ਕੇ ਆਪਣੇ ਇਲ਼ਾਕੇ ਦੇ ਲੋਕਾਂ ਦਾ ਧੰਨਵਾਦ ਕੀਤਾ। ਉੱਧਰ ਹੈਸਟਨ ਫੈਲਥਮ ਤੋਂ ਸੀਮਾ ਮਲਹੋਤਰਾ ਅਤੇ ਬਰਮਿੰਘਮ ਐਜ਼ਬਾਸਟਨ ਤੋਂ ਪ੍ਰੀਤ ਕੌਰ ਗਿੱਲ ਨੇ ਵੀ ਜਿੱਤ ਹਾਸਲ ਕੀਤੀ ਹੈ। ਉੱਥੇ ਕੰਜ਼ਰਵੇਟਿਵ ਪਾਰਟੀ ਲਈ ਗਗਨ ਮਹਿੰਦਰਾ ਅਤੇ ਕਲੇਅਰ ਕੋਟੀਨਹੋ ਅਤੇ ਲੇਬਰ ਪਾਰਟੀ ਦੇ ਨਵੇਂਦਰੁ ਮਿਸ਼ਰਾ ਪਹਿਲੀ ਵਾਰ ਸੰਸਦ ਮੈਂਬਰ ਬਣੇ। ਆਸਾਨ ਜਿੱਤ ਨਾਲ ਹਾਊਸ ਆਫ ਕਾਮਨਜ਼ ਵਿੱਚ ਪਰਤਣ ਵਾਲੇ ਭਾਰਤੀ ਮੂਲ ਦੇ ਸੰਸਦ ਮੈਂਬਰਾਂ ਵਿੱਚ ਬ੍ਰਿਟੇਨ ਦੀ ਸਾਬਕਾ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਸ਼ਾਮਿਲ ਰਹੀ। ਉੱਥੇ ਇੰਫੋਸਿਸ ਦੇ ਸਹਿ-ਸੰਸਥਾਪਕ ਨਾਰਾਇਣ ਮੂਰਤੀ ਦੇ ਜਵਾਈ ਰਿਸ਼ੀ ਸੁਨਾਕ ਅਤੇ ਸਾਬਕਾ ਅੰਤਰਰਾਸ਼ਟਰੀ ਵਿਕਾਸ ਮੰਤਰੀ ਆਲੋਕ ਸ਼ਰਮਾ ਨੇ ਵੀ ਜਿੱਤ ਹਾਸਲ ਕੀਤੀ।






