April 24, 2026
#ਦੇਸ਼ ਦੁਨੀਆਂ

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ ਮੁਸ਼ੱਰਫ ਨੂੰ ਦੇਸ਼ਧ੍ਰੋਹ ਦੇ ਦੋਸ਼ ਵਿੱਚ ਮੌਤ ਦੀ ਸਜਾ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ ਮੁਸ਼ੱਰਫ ਨੂੰ ਦੇਸ਼ਧ੍ਰੋਹ ਦੇ ਮਾਮਲੇ ਵਿੱਚ ਮੌਤ ਦੀ ਸਜਾ ਸੁਣਾਈ ਗਈ ਹੈ| ਪਾਕਿਸਤਾਨ ਦੀ ਵਿਸ਼ੇਸ਼ ਅਦਾਲਤ ਨੇ ਸਾਬਕਾ ਫੌਜੀ ਸ਼ਾਸਕ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਮੌਤ ਦੀ ਸਜਾ ਸੁਣਾਈ ਹੈ| ਸਾਬਕਾ ਰਾਸ਼ਟਰਪਤੀ ਮੁਸ਼ੱਰਫ ਦੇ ਖਿਲਾਫ ਮਾਮਲੇ ਦੀ ਸੁਣਵਾਈ ਪੇਸ਼ਾਵਰ ਹਾਈ ਕੋਰਟ ਦੇ ਮੁੱਖ ਜੱਜ ਵਕਾਰ ਅਹਿਮਦ ਸੇਠ ਦੇ ਅਗਵਾਈ ਵਾਲੀ ਵਿਸ਼ੇਸ਼ ਅਦਾਲਤ ਦੀ ਤਿੰਨ ਮੈਂਬਰੀ ਬੈਂਚ ਨੇ ਕੀਤੀ ਹੈ|ਮੁਸ਼ੱਰਫ ਉੱਤੇ ਤਿੰਨ ਨਵੰਬਰ 2007 ਨੂੰ ਪਾਕਿਸਤਾਨ ਵਿੱਚ ਐਮਰਜੈਂਸੀ ਲਗਾਉਣ ਲਈ ਦੇਸ਼ਧ੍ਰੋਹ ਦਾ ਮਾਮਲਾ ਚੱਲ ਰਿਹਾ ਹੈ ਜਿਸਦੇ ਤਹਿਤ ਉਹਨਾਂ ਨੂੰ ਇਹ ਸਜਾ ਸੁਣਾਈ ਗਈ ਹੈ| ਇਸਤੋਂ ਪਹਿਲਾਂ ਤਿੰਨ ਜੱਜਾਂ ਦੀ ਬੈਂਚ ਨੇ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਦੇਸ਼ਧ੍ਰੋਹ ਮਾਮਲੇ ਵਿੱਚ 17 ਦਸੰਬਰ ਨੂੰ ਫੈਸਲਾ ਸੁਣਾਇਆ ਜਾਵੇਗਾ| ਇਸਲਾਮਾਬਾਦ ਹਾਈ ਕੋਰਟ ਨੇ ਇਸ ਸੰਬੰਧੀ ਦੁਬਈ ਵਿੱਚ ਰਹਿ ਰਹੇ ਮੁਸ਼ੱਰਫ ਅਤੇ ਪਾਕਿਸਤਾਨ ਸਰਕਾਰ ਵਲੋਂ ਦਾਖਲ ਪਟੀਸ਼ਨਾਂ ਤੇ ਸੁਣਵਾਈ ਕਰਦੇ ਹੋਏ ਬੀਤੀ 28 ਨਵੰਬਰ ਨੂੰ ਵਿਸ਼ੇਸ਼ ਅਦਾਲਤ ਨੂੰ ਫੈਸਲਾ ਸੁਨਾਉਣ ਤੋਂ ਰੋਕ ਦਿੱਤਾ ਸੀ | ਇਹ ਮਾਮਲਾ ਪਾਕਿਸਤਾਨ ਦੀ ਮੁਸਲਿਮ ਲੀਗ ਦੀ ਅਗਵਾਈ ਵਾਲੀ ਨਵਾਜ ਸਰਕਾਰ ਵਲੋਂ ਦਰਜ ਕਰਵਾਇਆ ਗਿਆ ਸੀ ਅਤੇ 2013 ਤੋਂ ਇਹ ਮਾਮਲਾ ਲੰਬਿਤ ਚੱਲ ਰਿਹਾ ਸੀ| ਇਸ ਮਾਮਲੇ ਵਿੱਚ ਬੀਤੀ 31 ਮਾਰਚ 2014 ਨੂੰ ਮੁਸ਼ੱਰਫ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ| ਮੁਸ਼ੱਰਫ ਹਾਈ ਕੋਰਟ ਅਤੇ ਪਾਕਿਸਤਾਨ ਗ੍ਰਹਿ ਮੰਤਰਾਲੇ ਦੀ ਮਨਜ਼ੂਰੀ ਤੋਂ ਬਾਅਦ ਮਾਰਚ 2016 ਵਿੱਚ ਪਾਕਿਸਤਾਨ ਤੋਂ ਬਾਹਰ ਚਲੇ ਗਏ ਸਨ ਅਤੇ ਇਸ ਵੇਲੇ ਦੁਬਈ ਵਿੱਚ ਰਹਿ ਰਹੇ ਹਨ|