April 24, 2026
#ਭਾਰਤ

ਅਫਰੀਕਾ ਵਿੱਚ ਸਮੁੰਦਰੀ ਲੁਟੇਰਿਆਂ ਨੇ 20 ਭਾਰਤੀਆਂ ਨੂੰ ਕੀਤਾ ਅਗਵਾ

ਅਬੁਜਾ – ਅਫਰੀਕਾ ਦੇ ਪੱਛਮੀ ਤੱਟ ਨੇੜੇ ਸਮੁੰਦਰੀ ਲੁਟੇਰਿਆਂ ਨੇ ਇਕ ਵਪਾਰਕ ਜਹਾਜ਼ ਤੇ ਸਵਾਰ 20 ਭਾਰਤੀਆਂ ਨੂੰ ਅਗਵਾ ਕਰ ਲਿਆ ਹੈ| ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ 15 ਦਸੰਬਰ ਨੂੰ ਅਫਰੀਕਾ ਦੇ ਪੱਛਮੀ ਤੱਟ ਤੇ ਡੂੰਘੇ ਸਮੁੰਦਰ ਵਿੱਚ ਜਹਾਜ਼ ਐਮ. ਟੀ. ਡਿਊਕ ਚਾਲਕ ਦਲ ਦੇ 20 ਮੈਂਬਰਾਂ ਨੂੰ ਅਗਵਾ ਕਰ ਲਿਆ ਗਿਆ ਹੈ| ਉਨ੍ਹਾਂ ਕਿਹਾ ਕਿ ਅਸੀਂ ਭਾਰਤੀਆਂ ਦੇ ਅਗਵਾ ਹੋਣ ਦੀ ਖ਼ਬਰ ਤੋਂ ਚਿੰਤਾ ਵਿੱਚ ਹਾਂ|ਇਕ ਹੋਰ ਟਵੀਟ ਵਿੱਚ ਉਨ੍ਹਾਂ ਕਿਹਾ ਕਿ ਇਹ ਇਸ ਖੇਤਰ ਦੀ ਤੀਜੀ ਘਟਨਾ ਹੈ, ਜਿਸ ਨੇ ਭਰਤੀਆਂ ਨੂੰ ਪ੍ਰਭਾਵਿਤ ਕੀਤਾ ਹੈ| ਅਬੁਜਾ ਵਿੱਚ ਸਾਡੇ ਮਿਸ਼ਨ ਨੇ ਨਾਈਜੀਰੀਆ ਦੇ ਅਧਿਕਾਰੀਆਂ ਅਤੇ ਗੁਆਂਢੀਆਂ ਦੇਸ਼ਾਂ ਦੇ ਅਧਿਕਾਰੀਆਂ ਨਾਲ ਇਸ ਮੁੱਦੇ ਨੂੰ ਚੁੱਕਿਆ ਹੈ| ਬੰਧਕਾਂ ਦੀ ਸੁਰੱਖਿਆ ਸਭ ਤੋਂ ਪਹਿਲੇ ਹੈ ਅਤੇ ਅਸੀਂ ਹਾਲ ਦੀਆਂ ਘਟਨਾਵਾਂ ਤੇ ਨਾਈਜੀਰੀਆ ਦੇ ਅਧਿਕਾਰੀਆਂ ਅਤੇ ਹੋਰ ਹਿੱਤ ਧਾਰਕਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ| ਜਿਕਰਯੋਗ ਹੈ ਕਿ ਇਸ ਤੋਂ ਕਰੀਬ ਦੋ ਹਫਤੇ ਪਹਿਲਾਂ 3 ਦਸੰਬਰ ਨੂੰ ਨਾਈਜੀਰੀਆ ਦੇ ਬੋਨੀ ਆਫਸ਼ੋਰ ਟਰਮੀਨਲ ਤੋਂ 66 ਨਾਟੀਕਲ ਮੀਲ ਦੀ ਦੂਰੀ ਤੇ ਸਮੁੰਦਰੀ ਲੁਟੇਰਿਆਂ ਨੇ ਹਾਂਗਕਾਂਗ ਦੇ ਇਕ ਵੱਡੇ ਕੱਚੇ ਮਾਲ ਜਹਾਜ਼ ਤੇ ਸਵਾਰ 18 ਭਾਰਤੀਆਂ ਸਮੇਤ ਚਾਲਕ ਦਲ ਦੇ 19 ਮੈਂਬਰਾਂ ਨੂੰ ਅਗਵਾ ਕਰ ਲਿਆ ਸੀ|