ਜੈਪੁਰ ਬੰਬ ਧਮਾਕਾ ਮਾਮਲੇ ਵਿੱਚ 4 ਵਿਅਕਤੀ ਦੋਸ਼ੀ ਕਰਾਰ, ਇਕ ਬਰੀ
ਜੈਪੁਰ – ਸਾਲ 2008 ਵਿੱਚ ਜੈਪੁਰ ਵਿੱਚ ਹੋਏ ਸੀਰੀਅਲ ਬੰਬ ਧਮਾਕੇ ਕੇਸ ਵਿੱਚ ਕੋਰਟ ਨੇ ਚਾਰ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਦਕਿ ਇਕ ਨੂੰ ਬਰੀ ਕਰ ਦਿੱਤਾ ਹੈ| 13 ਮਈ 2008 ਨੂੰ ਸ਼ਹਿਰ ਦੇ ਅੰਦਰ ਵੱਖ-ਵੱਖ ਥਾਂਵਾਂ ਤੇ 8 ਲੜੀਵਾਰ ਧਮਾਕੇ ਹੋਏ ਸਨ, ਜਿਨ੍ਹਾਂ ਵਿੱਚ 80 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 176 ਜ਼ਖਮੀ ਹੋ ਗਏ ਸਨ| ਜੈਪੁਰ ਬਲਾਸਟ ਦੇ 2 ਹੋਰ ਦੋਸ਼ੀਆਂ ਨੂੰ ਨਵੀਂ ਦਿੱਲੀ ਦੇ ਬਟਲਾ ਹਾਊਸ ਦੇ 2008 ਵਿੱਚ ਹੋਏ ਐਨਕਾਊਂਟਰ ਵਿੱਚ ਪੁਲੀਸ ਨੇ ਮਾਰ ਦਿੱਤਾ ਸੀ| ਅਕਸ਼ੈ ਕੁਮਾਰ ਸ਼ਰਮਾ ਦੇ ਕੋਰਟ ਨੇ ਦੋਸ਼ੀਆਂ ਮੁਹੰਮਦ ਸੈਫ, ਮੁਹੰਮਦ ਸਰਵਰ ਆਜ਼ਮ, ਸੈਫੁਰਰਹਿਮਾਨ ਅਤੇ ਮੁਹੰਮਦ ਸਲਮਾਨ ਨੂੰ ਦੋਸ਼ੀ ਕਰਾਰ ਦਿੱਤਾ ਹੈ|ਜਦਕਿ ਸ਼ਾਹਬਾਜ ਹੁਸੈਨ ਨੂੰ ਬਰੀ ਕਰ ਦਿੱਤਾ ਗਿਆ ਹੈ| ਜਿਕਰਯੋਗ ਹੈ ਕਿ ਪਿਛਲੇ ਇਕ ਸਾਲ ਵਿੱਚ ਕੇਸ ਦੀ ਸੁਣਵਾਈ ਤੇਜ਼ ਕਰ ਕੇ 1,296 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਅਤੇ ਇਸਤਗਾਸਾ ਪੱਖ ਅਤੇ ਬਚਾਅ ਪੱਖ ਨੇ ਸਵਾਲ-ਜਵਾਬ ਵੀ ਕੀਤੇ| ਮਾਮਲੇ ਵਿੱਚ ਜੈਪੁਰ ਪੁਲੀਸ ਨੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ, ਜਦਕਿ ਤਿੰਨ ਦੋਸ਼ੀ ਦਿੱਲੀ ਦੇ ਤਿਹਾੜ ਜੇਲ ਵਿੱਚ ਬੰਦ ਹਨ ਅਤੇ ਉਨ੍ਹਾਂ ਵਿਰੁੱਧ ਏ.ਟੀ.ਐਸ. ਜਾਂਚ ਨਹੀਂ ਕਰ ਸਕੀ ਹੈ| ਇਹ ਤਿੰਨੋਂ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਧਮਾਕੇ ਦੇ ਦੋਸ਼ੀ ਵੀ ਹਨ|






